ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਨੇ ਮੰਗਲਵਾਰ ਨੂੰ ਉੱਚ ਅਧਿਕਾਰੀਆਂ ਨਾਲ ਬੈਠਕ ਕਰ ਭਾਰਤ-ਚੀਨ ਸਰਹੱਦ 'ਤੇ ਮੌਜੂਦਾ ਸਥਿਤੀ ਬਾਰੇ ਜਾਇਜ਼ਾ ਲਿਆ।
ਜਾਣਕਾਰੀ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਮੁੱਦੇ 'ਤੇ ਇੱਕ ਉੱਚ ਪੱਧਰੀ ਬੈਠਕ ਕਰ ਸਕਦੇ ਹਨ। ਦੱਸਣਯੋਗ ਹੈ ਕਿ 29-30 ਅਗਸਤ ਦੀ ਰਾਤ ਲੱਦਾਖ ਦੀ ਪੈਂਗੌਂਗ ਝੀਲ ਦੇ ਦੱਖਣ 'ਚ ਚੀਨੀ ਫੌਜੀਆਂ ਨੇ ਕੁਝ ਇਲਾਕਿਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤੀ ਜਵਾਨਾਂ ਨੇ ਨਾਕਾਮ ਕਰ ਦਿੱਤਾ।
ਇਸ ਤੋਂ ਪਹਿਲਾਂ ਪੂਰਬੀ ਲੱਦਾਖ 'ਚ ਤਣਾਅ ਨੂੰ ਘੱਟ ਕਰਨ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ 6 ਜੁਲਾਈ ਨੂੰ ਦੋਵੇਂ ਧਿਰਾਂ ਵੱਲੋਂ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ।
ਭਾਰਤੀ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਪੈਨਗੌਂਗ ਝੀਲ ਦੇ ਦੱਖਣੀ ਕੰਢੇ 'ਤੇ ਸਥਿਤੀ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਲਈ ਭਾਰਤੀ ਫੌਜ ਦੇ ਬ੍ਰਿਗੇਡ ਕਮਾਂਡਰ ਦੀ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਜਾਰੀ ਹੈ।
ਪੂਰਬੀ ਲੱਦਾਖ ਵਿੱਚ ਤਣਾਅ 15 ਜੂਨ ਨੂੰ ਗਲਵਾਨ ਵੈਲੀ ਵਿੱਚ ਹੋਈ ਹਿੰਸਕ ਝੜਪਾਂ ਤੋਂ ਬਾਅਦ ਕਈ ਗੁਣਾ ਵੱਧ ਗਿਆ। ਇਨ੍ਹਾਂ ਝੜਪਾਂ ਦੌਰਾਨ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। ਚੀਨੀ ਫੌਜ ਦਾ ਵੀ ਨੁਕਸਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਪਰ ਇਸ ਬਾਰੇ ਚੀਨ ਵੱਲੋਂ ਕੋਈ ਅਧਿਕਾਰਤ ਅੰਕੜੇ ਨਹੀਂ ਜਾਰੀ ਕੀਤੇ ਗਏ।