ਧੋਨੀ ਦਾ 'ਮਿਸ਼ਨ ਕਸ਼ਮੀਰ' ਸ਼ੁਰੂ, 15 ਅਗਸਤ ਤੱਕ ਰਹਿਣਗੇ ਤਾਇਨਾਤ - mission kashmir of indian army
ਵੈੱਸਟਇੰਡੀਜ਼ ਦੌਰੇ ਤੋਂ ਨਾਂਅ ਵਾਪਸ ਲੈਣ ਤੋਂ ਬਾਅਦ ਧੋਨੀ ਹੁਣ ਬਤੌਰ ਆਨਰੇਰੀ ਲੈਫਟੀਨੈਂਟ ਕਰਨਲ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿੱਚ ਪੈਟਰੋਲਿੰਗ ਕਰਦੇ ਹੋਏ ਦਿਖਾਈ ਦੇਣਗੇ। ਇਸ ਦੌਰਾਨ ਉਹ 15 ਅਗਸਤ ਤੱਕ ਆਪਣੀਆਂ ਸੇਵਾਵਾਂ ਦੇਣਗੇ।
ਸ਼੍ਰੀਨਗਰ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਮਿਸ਼ਨ ਕਸ਼ਮੀਰ ਸ਼ੁਰੂ ਹੋ ਗਿਆ ਹੈ। 31 ਜੁਲਾਈ ਤੋਂ 15 ਅਗਸਤ ਤੱਕ ਧੋਨੀ ਦੱਖਣੀ ਕਸ਼ਮੀਰ ਵਿੱਚ ਵਿਕਟਰ ਫੋਰਸ ਦੇ ਨਾਲ ਤਾਇਨਾਤ ਰਹਿਣਗੇ। ਧੋਨੀ ਨੇ ਇਸੇ ਪੋਸਟਿੰਗ ਦੀ ਮੰਗ ਕੀਤੀ ਸੀ, ਜਿਸਨੂੰ ਆਰਮੀ ਹੈੱਡਕੁਆਰਟਰ ਵਲੋਂ ਮਨਜ਼ੂਰ ਕਰ ਲਿਆ ਗਿਆ। ਭਾਰਤੀ ਫੌਜ ਅਨੁਸਾਰ ਧੋਨੀ ਕਸ਼ਮੀਰ ਵਿੱਚ ਅੱਤਵਾਦੀਆਂ ਖਿਲਾਫ਼ ਅਭਿਆਨ ਚਲਾਉਣ ਵਾਲੇ ਵਿਕਟਰ ਫੋਰਸ ਨਾਲ ਡਿਊਟੀ ਕਰਨਗੇ। ਡਿਊਟੀ ਦੌਰਾਨ ਉਹ ਸੈਨਿਕਾਂ ਦੇ ਨਾਲ ਹੀ ਰਹਿਣਗੇ ਅਤੇ ਇੱਕ ਫੌਜੀ ਵਾਂਗ ਹੀ ਦਿਨ ਗੁਜ਼ਾਰਨਗੇ।
ਅਵੰਤੀਪੋਰਾ 'ਚ ਪੋਸਟਿੰਗ
ਦੱਖਣੀ ਕਸ਼ਮੀਰ ਦੇ ਅਵੰਤੀਪੋਰਾ ਵਿੱਚ ਧੋਨੀ ਦੀ ਪੋਸਟਿੰਗ ਹੋਈ ਹੈ। ਅਵੰਤੀਪੋਰਾ ਪਿਛਲੇ ਕੁੱਝ ਸਮਾਂ ਤੋਂ ਅੱਤਵਾਦੀ ਗਤੀਵਿਧੀਆਂ ਦਾ ਹੱਬ ਰਿਹਾ ਹੈ। ਅਜਿਹੇ ਵਿੱਚ ਧੋਨੀ ਦੀ ਪੋਸਟਿੰਗ ਇੱਕ ਅਹਿਮ ਜਗ੍ਹਾ ਹੋ ਰਹੀ ਹੈ। ਦੱਸ ਦਈਏ ਕਿ ਧੋਨੀ ਟੈਰਿਟੋਰੀਅਲ ਆਰਮੀ ਦੀ ਪੈਰਾਸ਼ੂਟ ਰੈਜੀਮੈਂਟ ਵਿੱਚ ਲੈਫਟੀਨੈਂਟ ਕਰਨਲ ਹਨ। ਇਸ ਟ੍ਰੇਨਿੰਗ ਦਾ ਹਿੱਸਾ ਹੋਣ ਦੇ ਕਾਰਨ ਉਨ੍ਹਾਂ ਨੇ BCCI ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਵੈੱਸਟਇੰਡੀਜ਼ ਦੌਰੇ ਉੱਤੇ ਟੀਮ ਦਾ ਹਿੱਸਾ ਨਹੀਂ ਹੋਣਗੇ
ਦਿਨ-ਰਾਤ ਦੋ ਸ਼ਿਫਟਾਂ ਵਿੱਚ ਕਰਨਗੇ ਕੰਮ
ਪੈਰਾ ਕਮਾਂਡੋ ਦੀ ਜਿਸ ਬਟਾਲਿਅਨ ਵਿੱਚ ਧੋਨੀ ਤਾਇਨਾਤ ਹੋਣਗੇ, ਉਹ ਮਿਲੇ-ਜੁਲੇ ਸੈਨਿਕਾਂ ਦੀ ਯੂਨਿਟ ਹੈ। ਇਹਨਾਂ ਵਿੱਚ ਗੋਰਖਾ, ਸਿੱਖ, ਰਾਜਪੂਤ, ਜਾਟ ਵਰਗੀਆਂ ਸਾਰੀਆਂ ਰੈਜੀਮੈਂਟ ਦੇ 700 ਫੌਜੀ ਸ਼ਾਮਿਲ ਹਨ। ਇੱਥੇ ਧੋਨੀ ਨੂੰ ਦਿਨ-ਰਾਤ ਦੋ ਸ਼ਿਫਟਾਂ ਵਿੱਚ ਕੰਮ ਕਰਨਾ ਪਵੇਗਾ। ਇਸਦੇ ਨਾਲ ਹੀ ਡਿਊਟੀ ਦੌਰਾਨ 19 ਕਿੱਲੋਗ੍ਰਾਮ ਦਾ ਸਮਾਨ ਵੀ ਲੈ ਕੇ ਚੱਲਣਾ ਪਵੇਗਾ।
ਧੋਨੀ ਨੂੰ ਕੀ-ਕੀ ਮਿਲੇਗਾ?
ਉਨ੍ਹਾਂ ਨੂੰ ਬੁਲੇਟ ਪਰੂਫ਼ ਜੈਕੇਟ, ਏਕੇ-47 ਰਾਇਫ਼ਲ ਅਤੇ 6 ਗ੍ਰੇਨੇਡ ਦਿੱਤੇ ਜਾਣਗੇ। ਧੋਨੀ ਨੂੰ ਗਾਰਡ ਯੂਨਿਟ ਦੀ ਰਾਖੀ ਦਾ ਕੰਮ ਮਿਲੇਗਾ। ਇਹ ਕੰਮ 4-4 ਘੰਟੇ ਦੀਆਂ ਦੋ ਸ਼ਿਫਟਾਂ ਵਿੱਚ ਹੋਵੇਗਾ।
ਸੈਨਿਕਾਂ ਦੇ ਨਾਲ ਬੈਰਕ ਵਿੱਚ ਰਹਿਣਗੇ ਧੋਨੀ
ਧੋਨੀ ਆਫਿਸਰਜ਼ ਮੈੱਸ ਦੀ ਜਗ੍ਹਾ 50-60 ਫੌਜੀਆਂ ਦੇ ਨਾਲ ਬੈਰਕ ਵਿੱਚ ਹੀ ਰਹਿਣਗੇ। ਅਜਿਹਾ ਧੋਨੀ ਖੁਦ ਚਾਹੁੰਦੇ ਸਨ। ਉਹ ਸੈਨਿਕਾਂ ਲਈ ਬਣੇ ਕਿਊਬੀਕਲ ਵਿੱਚ ਹੀ ਨਹਾਉਣਗੇ।
ਧੋਨੀ ਨੇ ਟ੍ਰੇਨਿੰਗ ਲਈ ਮੰਗੀ ਸੀ ਮਨਜ਼ੂਰੀ
ਧੋਨੀ ਨੂੰ ਆਨਰੇਰੀ ਲੈਫਟੀਨੈਂਟ ਕਰਨਲ ਦਾ ਰੈਂਕ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਰੈਂਕ ਭਾਰਤੀ ਫੌਜ ਦੀ ਪੈਰਾਸ਼ੂਟ ਰੈਜੀਮੈਂਟ ਵਿੱਚ ਮਿਲੀ ਹੈ। ਮਾਹੀ ਨੇ ਪਹਿਲਾਂ ਟ੍ਰੇਨਿੰਗ ਲਈ ਫੌਜ ਤੋਂ ਪਰਮਿਸ਼ਨ ਮੰਗੀ ਸੀ, ਜਿਸ ਤੋਂ ਬਾਅਦ ਭਾਰਤੀ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਇਸਦੀ ਮਨਜ਼ੂਰੀ ਦਿੱਤੀ ਅਤੇ ਉਨ੍ਹਾਂ ਦਾ ਵਿਕਟਰ ਫੋਰਸ ਦੇ ਨਾਲ ਟ੍ਰੇਨਿੰਗ ਕਰਨਾ ਫਾਇਨਲ ਹੋਇਆ। ਉਨ੍ਹਾਂ ਨੇ ਆਗਰਾ ਵਿਖੇ ਪੈਰਾ-ਰੈਜੀਮੈਂਟ ਵਿੱਚ ਦੋ ਹਫ਼ਤੇ ਦੀ ਟ੍ਰੇਨਿੰਗ ਵੀ ਲਈ ਹੈ।