ਬੈਤੂਲ: ਜ਼ਿਲ੍ਹੇ 'ਚ ਤਾਲਾਬੰਦੀ ਦੌਰਾਨ 23 ਮਾਰਚ ਨੂੰ ਇੱਕ ਦਾੜ੍ਹੀ ਵਾਲੇ ਵਕੀਲ ਨੂੰ ਕੁਝ ਪੁਲਿਸ ਮੁਲਾਜ਼ਮਾਂ ਨੇ ਸਿਰਫ਼ ਇਸ ਲਈ ਮਾਰਕੁੱਟ ਕੀਤੀ ਕਿ ਉਹ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਮਾਮਲੇ 'ਚ ਜਦੋਂ ਈਟੀਵੀ ਭਾਰਤ ਨੇ ਪੀੜਤ ਵਕੀਲ ਦੀਪਕ ਬੁੰਦੇਲੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੇ ਬਾਰ ਕੌਂਸਲ ਅਤੇ ਸੁਪਰੀਮ ਕੋਰਟ ਨੂੰ ਭੇਜ ਦਿੱਤੀ ਹੈ। ਵਕੀਲ ਦੀਪਕ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ, ਇਸ ਮਾਮਲੇ 'ਚ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।
ਵਕੀਲ ਦੀਪਕ ਨੇ ਦੱਸਿਆ ਕਿ 23 ਮਾਰਚ 2020 ਨੂੰ ਉਹ ਜ਼ਿਲ੍ਹਾ ਹਸਪਤਾਲ ਜਾ ਰਹੇ ਸਨ, ਜਦੋਂ ਕੁਝ ਪੁਲਿਸ ਵਾਲਿਆਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ। ਕੋਰੋਨਾ ਵਾਇਰਸ ਦੀ ਲਾਗ ਕਾਰਨ ਉਸ ਦੌਰਾਨ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾਈ ਗਈ ਸੀ। ਸ਼ੂਗਰ ਦਾ ਮਰੀਜ਼ ਹੋਣ ਕਰਕੇ ਉਹ ਆਪਣੀਆਂ ਦਵਾਈਆਂ ਲੈਣ ਲਈ ਹਸਪਤਾਲ ਜਾ ਰਿਹਾ ਸੀ। ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਕੁੱਟਿਆ ਗਿਆ। ਇੰਨਾ ਹੀ ਨਹੀਂ, ਪੁਲਿਸ ਨੇ ਉਲਟਾ ਦੀਪਕ 'ਤੇ ਹੀ ਮਾਮਲਾ ਦਰਜ ਕਰ ਦਿੱਤਾ।
ਮੁਅੱਤਲ ਹੋਏ ਸੀ ਜਾਂਚ ਅਧਿਕਾਰੀ
ਮਾਮਲੇ 'ਚ 17 ਮਈ ਨੂੰ ਜਾਂਚ ਅਧਿਕਾਰੀ ਬੀਐਸ ਪਟੇਲ ਬਿਆਨ ਦਰਜ ਕਰਾਉਣ ਲਈ ਵਕੀਲ ਦੀਪਕ ਦੇ ਘਰ ਪਹੁੰਚੇ। ਵਕੀਲ ਨੇ ਦਾਅਵਾ ਕੀਤਾ ਕਿ ਉਸ ਸਮੇਂ ਪਟੇਲ ਨੇ ਉਸ ਨੂੰ ਕਿਹਾ ਸੀ ਕਿ ਪੁਲਿਸ ਨੇ ਤੁਹਾਨੂੰ ਗਲਤੀ ਨਾਲ ਵਿਸ਼ੇਸ਼ ਭਾਈਚਾਰੇ ਦਾ ਸਮਝ ਕੇ ਕੁੱਟ ਦਿੱਤਾ ਸੀ। ਇਸ ਸਾਰੀ ਗੱਲਬਾਤ ਦਾ ਵਕੀਲ ਦੀਪਕ ਬੁੰਦੇਲੇ ਵੱਲੋਂ ਇੱਕ ਵੀਡੀਓ ਕਲਿੱਪ ਬਣਾਈ ਗਈ ਸੀ। ਇਸ ਤੋਂ ਬਾਅਦ ਐੱਸਪੀ ਡੀਐੱਸ ਭਦੋਰੀਆ ਨੇ ਜਾਂਚ ਅਧਿਕਾਰੀ ਬੀਐੱਸ ਪਟੇਲ ਨੂੰ ਮੁਅੱਤਲ ਕਰ ਦਿੱਤਾ ਸੀ।