ਨਵੀਂ ਦਿੱਲੀ: ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਤੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਵੱਲੋਂ ਲੰਗਰ ਦੇ ਆਟੇ ਦੀ ਕਾਲਾਬਜ਼ਾਰੀ ਕੀਤੀ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਈਟੀਵੀ ਭਾਰਤ ਦੀ ਟੀਮ ਨੇ ਮਨਜੀਤ ਸਿੰਘ ਜੀਕੇ ਨਾਲ ਖ਼ਾਸ ਗੱਲਬਾਤ ਕੀਤੀ।
DSGMC ਲੰਗਰ ਦੀ ਰਸਦ ਵਿੱਚ ਕਰ ਰਹੀ ਕਾਲਾਬਾਜ਼ਾਰੀ: ਜੀਕੇ ਮਨਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਦੋ ਲੜਕਿਆਂ ਕੋਲੋਂ ਜਾਣਕਾਰੀ ਮਿਲੀ ਸੀ ਕਿ ਗੁਰੂ ਘਰ ਦੇ ਕੋਲੋਂ 8 ਰੁਪਏ ਕਿੱਲੋ ਆਟਾ ਮਿਲ ਰਿਹਾ ਹੈ। ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉੱਥੋਂ ਆਟਾ ਟਰੱਕਾਂ ਵਿੱਚ ਲੋਡ ਕੀਤਾ ਜਾ ਰਿਹਾ ਹੈ।
ਜੀਕੇ ਨੇ ਕਿਹਾ ਕਿ ਇਸ ਵੇਲੇ ਦਿੱਲੀ ਵਿੱਚ ਆਟਾ 25 ਤੋਂ 35 ਰੁਪਏ ਤੱਕ ਵੇਚਿਆ ਜਾ ਰਿਹਾ ਹੈ ਜਦੋਂ ਕਿ ਡੀਐਸਜੀਐਮਸੀ ਇਸ ਨੂੰ 8 ਰੁਪਏ ਕਿੱਲੋ ਦੀ ਦਰ 'ਤੇ ਵੇਚ ਰਹੀ ਹੈ। ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।
ਕਾਲਾਬਾਜ਼ਾਰੀ ਖ਼ਿਲਾਫ਼ ਐਫ਼ਆਈਆਰ
ਜੀਕੇ ਨੇ ਕਿਹਾ ਕਿ ਇਸ ਕਾਲਾਬਾਜ਼ਾਰੀ ਦੇ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਛੇਤੀ ਹੀ ਐਫ਼ਆਈਆਰ ਦਰਜ ਕਰਵਾਏਗੀ। ਲੰਗਰ ਦੀ ਕਾਲਾਬਾਜ਼ਾਰੀ ਪੂਰੀ ਤਰ੍ਹਾਂ ਨਾਲ ਗ਼ਲਤ ਹੈ। ਇਸ ਵੇਲੇ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਅਜਿਹੇ ਵਿੱਚ ਕਮੇਟੀ ਨੂੰ ਰਾਸ਼ਨ ਵੇਚਣ ਦੀ ਥਾਂ ਲੋੜਵੰਦਾਂ ਨੂੰ ਦੇਣਾ ਚਾਹੀਦਾ ਹੈ।