ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੀ ਬੈਠਕ ਸੱਦੀ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਪਾਰਟੀ ਨੇਤਾ ਸ਼ੁੰਭੇਂਦੂ ਅਧਿਕਾਰੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਤੋਂ ਪਹਿਲਾਂ ਅੱਜ ਸਵੇਰੇ ਸੂਤਰਾਂ ਤੋਂ ਇਹ ਖ਼ਬਰ ਮਿਲੀ ਸੀ ਕਿ ਸੂਬੇ ਦੀ ਸੀਐਮ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੀ ਐਮਰਜੈਂਸੀ ਬੈਠਕ ਸੱਦੀ ਹੈ, ਪਰ ਕੁੱਝ ਸਮੇਂ ਬਾਅਦ ਇਸ ਬੈਠਕ ਨੂੰ ਆਮ ਬੈਠਕ ਕਰਾਰ ਦਿੱਤਾ ਗਿਆ। ਤ੍ਰਿਣਮੂਲ ਕਾਂਗਰਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਰੇ ਪਾਰਟੀ ਨੇਤਾ ਸ਼ੁੱਕਰਵਾਰ ਨੂੰ ਮਿਲਦੇ ਹਨ। ਅੱਜ ਕੋਈ ਐਮਰਜੈਂਸੀ ਬੈਠਕ ਨਹੀਂ ਸੱਦੀ ਗਈ ਹੈ।
ਵੀਰਵਾਰ ਨੂੰ ਦਿੱਗਜ ਨੇਤਾ ਸ਼ੁੰਭੇਂਦੂ ਅਧਿਕਾਰੀ ਨੇ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਨਾਲ ਸਾਰੇ ਸਬੰਧ ਤੋੜਨ ਮਗਰੋਂ ਅਸਤੀਫਾ ਦੇ ਦਿੱਤਾ ਸੀ। ਸ਼ੁੰਭੇਂਦੂ ਅਧਿਕਾਰੀ ਨੇ ਇਨ੍ਹਾਂ ਅਟਕਲਾਂ ਵਿਚਾਲੇ ਪਾਰਟੀ ਨੂੰ ਛੱਡਿਆ ਹੈ ਕਿ ਉਹ ਸ਼ਨੀਵਾਰ ਨੂੰ ਪੂਰਬੀ ਮਿਦਨਾਪੁਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
ਦੋ ਵਾਰ ਸਾਂਸਦ ਤੇ ਵਿਧਾਇਕ ਰਹਿ ਚੁੱਕੇ ਸ਼ੁੰਭੇਂਦੂ ਅਧਿਕਾਰੀ ਨੇ ਤ੍ਰਿਣਮੂਲ ਕਾਂਗਰਸ ਦੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਪੱਛਮੀ ਬੰਗਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਜਿਸ ਨਾਲ ਉਨ੍ਹਾਂ ਵੱਲੋਂ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ।
ਸ਼ੁੰਭੇਂਦੂ ਅਧਿਕਾਰੀ ਨੇ ਲਿਖਿਆ, " ਮੈਂ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਵਜੋਂ ਅਸਤੀਫਾ ਦੇ ਰਿਹਾ ਹਾਂ ਅਤੇ ਪਾਰਟੀ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਦੇ ਸਾਰੇ ਅਹੁਦਿਆਂ ਤੋਂ ਵੀ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਰਿਹਾਂ ਹਾਂ। "
ਪਾਰਟੀ ਨਾਲ ਆਪਣੇ ਦੋ ਦਹਾਕੇ ਪੁਰਾਣੇ ਸਬੰਧਾਂ ਨੂੰ ਖਤਮ ਕਰਦਿਆਂ, ਸੀਨੀਅਰ ਨੇਤਾ ਨੇ ਮਮਤਾ ਬੈਨਰਜੀ ਵੱਲੋਂ ਉਨ੍ਹਾਂ ਨੂੰ ਦਿੱਤੇ ਮੌਕਿਆਂ ਲਈ ਧੰਨਵਾਦ ਕੀਤਾ ਤੇ ਪਾਰਟੀ ਮੈਂਬਰ ਵਜੋਂ ਬਿਤਾਏ ਸਮੇਂ ਦੀ ਸ਼ਲਾਘਾ ਕੀਤੀ।ਅਧਿਕਾਰੀ ਨੇ ਪਿਛਲੇ ਮਹੀਨੇ ਬੈਨਰਜੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਤੇ ਕਈ ਹੋਰ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਰਾਜਨੀਤਿਕ ਹਲਾਤਾਂ ਦੀ ਜਾਂਚ ਕਰਦਿਆਂ ਉਨ੍ਹਾਂ ਨੇ ਵਿਧਾਨ ਸਭਾ ਅਤੇ ਤ੍ਰਿਣਮੂਲ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ 'ਚ ਦੇਰੀ ਕੀਤੀ।