ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਮੰਤਰੀ ਮੰਡਲ ਦੀ ਬੈਠਕ ਵਿੱਚ ਇੱਕ ਵੱਡਾ ਫ਼ੈਸਲਾ ਲਿਆ ਹੈ। ਰਾਜ ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਵਿੱਚ 5 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕੋਰੋਨਾ ਵਾਇਰਸ ਨਾਲ ਲੜਨ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਮੀਟਿੰਗ ਤੋਂ ਬਾਅਦ ਲੋਕ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਦੱਸਿਆ ਕਿ ਆਦੀਵਾਸੀ ਨੇਤਾ ਰਾਮੂ ਟੇਕਾਮ ਅਤੇ ਰਾਸ਼ਿਦ ਸੋਹੇਲ ਸਿੱਦੀਕੀ ਨੂੰ ਮੱਧ ਪ੍ਰਦੇਸ਼ ਰਾਜ ਲੋਕ ਸੇਵਾ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਹੈ। ਕਰਮਚਾਰੀਆਂ ਨੂੰ ਜੁਲਾਈ 2019 ਤੋਂ ਪੰਜ ਪ੍ਰਤੀਸ਼ਤ ਮਹਿੰਗਾਈ ਭੱਤਾ ਅਤੇ 1 ਅਪ੍ਰੈਲ, 2020 ਤੋਂ ਨਕਦ ਭੁਗਤਾਨ ਕੀਤਾ ਜਾਵੇਗਾ।
ਜ਼ਰੂਰੀ ਨਹੀ ਕੱਲ੍ਹ ਫਲੋਰ ਟੈਸਟ ਹੋਵੇ: ਪ੍ਰਦੀਪ ਜੈਸਵਾਲ
ਮੱਧ ਪ੍ਰਦੇਸ਼ ਦੇ ਮੰਤਰੀ ਅਤੇ ਵਿਧਾਇਕ ਪ੍ਰਦੀਪ ਜੈਸਵਾਲ ਨੇ ਮੰਤਰੀ ਮੰਡਲ ਦੀ ਮੀਟਿੰਗ ਬਾਅਦ ਕਿਹਾ ਕਿ ਉਨ੍ਹਾਂ ਕੋਲ ਜ਼ਰੂਰੀ ਸੰਖਿਆ ਹੈ, ਮੁੱਖ ਮੰਤਰੀ ਭਰੋਸੇਮੰਦ ਹਨ। ਰੁਕੋ ਤੇ ਦੇਖੋ, ਜ਼ਰੂਰੀ ਨਹੀਂ, ਕੱਲ੍ਹ ਫਲੋਰ ਟੈਸਟ ਹੋਵੇ। ਅਜੇ ਤਾਂ ਕੋਰੋਨਾ ਵਾਇਰਸ ਚੱਲ ਰਿਹਾ ਹੈ।
ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਇੱਕ ਵ੍ਹਿਪ ਜਾਰੀ ਕਰਕੇ ਆਪਣੇ ਵਿਧਾਇਕਾਂ ਨੂੰ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਹੋਣ ਅਤੇ ਭਾਜਪਾ ਨੂੰ ਵੋਟ ਪਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਹੋਣ ਵਾਲੇ ਫਲੋਰ ਟੈਸਟ ਲਈ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਨਰਿੰਦਰ ਸਿੰਘ ਤੋਮਰ ਦੀ ਰਿਹਾਇਸ਼ ‘ਤੇ ਇੱਕ ਮੀਟਿੰਗ ਸੱਦੀ ਗਈ ਹੈ। ਇਸ ਬੈਠਕ ਵਿਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਜੋਤੀਰਾਦਿਤਿਆ ਸਿੰਧੀਆ ਮੌਜੂਦ ਹਨ।