ਪੱਛਮੀ ਬੰਗਾਲ: ਕਲਕੱਤਾ 'ਚ ਸਿੱਖ ਬਲਵਿੰਦਰ ਸਿੰਘ ਨਾਲ ਬਦਸਲੂਕੀ ਕਰਕੇ ਉਸ ਨੂੰ ਹਿਰਾਸਤ 'ਚ ਲੈਣ ਦੇ ਮਾਮਲੇ 'ਚ ਬਲਵਿੰਦਰ ਸਿੰਘ ਨੂੰ ਮਿਲਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਜਪਾਲ ਜਗਦੀਪ ਧਨਖੜ ਨੂੰ ਮਿਲੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਬੰਗਾਲ ਦੇ ਲੋਕਾਂ ਅਤੇ ਉੱਥੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬਲਵਿੰਦਰ ਨੂੰ ਇਨਸਾਫ਼ ਦੇਣ ਦੀ ਅਪੀਲ ਕੀਤੀ ਹੈ।
ਕਰਮਜੀਤ ਕੌਰ ਦੀ ਲੋਕਾਂ ਨੂੰ ਅਪੀਲ
ਇਸ ਦੇ ਨਾਲ ਹੀ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੌਕੇ 'ਤੇ ਮੌਜੂਦ ਰਹੇ। ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਸਿਰਸਾ ਨੇ ਕਿਹਾ ਕਿ ਬਲਬਿੰਦਰ ਇੱਕ ਫ਼ੌਜੀ ਹੈ ਜਿਸ ਨੇ ਦੇਸ਼ ਦੀ ਸੁਰੱਖਿਆ ਲਈ ਲਗਾਤਾਰ ਕੰਮ ਕੀਤਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਲਵਿੰਦਰ 'ਤੇ ਧਾਰਾ 307 ਲਾਉਣਾ ਅਤੇ ਉਸ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰਨਾ ਦੇਸ਼ ਦੀ ਰੱਖਿਆ ਕਰਨ ਵਾਲੇ ਲੋਕਾਂ ਦਾ ਅਪਮਾਨ ਹੈ। ਦੱਸਣਯੋਗ ਹੈ ਕਿ ਕੋਲਕਾਤਾ ਵਿੱਚ ਭਾਜਪਾ ਦੇ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਵੱਲੋਂ ਇੱਕ ਸਿੱਖ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈਣ ਦੀ ਵੀਡੀਓ ਵਾਇਰਲ ਹੋਈ ਸੀ।
ਇਸ ਸਬੰਧੀ ਭਾਜਪਾ ਦਾ ਦੋਸ਼ ਹੈ ਕਿ ਕੋਲਕਾਤਾ ਪੁਲਿਸ ਨੇ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ 43 ਸਾਲਾ ਸਿੱਖ ਬਲਵਿੰਦਰ ਸਿੰਘ ਦੀ ਪੱਗ ਖਿੱਚ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਘਟਨਾ ਹਾਵੜਾ ਮੈਦਾਨ ਇਲਾਕੇ ਦੀ ਹੈ।
ਸਿੱਖ ਬਲਵਿੰਦਰ ਸਿੰਘ ਨਾਲ ਵਾਪਰੀ ਇਸ ਘਟਨਾ ਦੀ ਪੰਜਾਬ ਸਣੇ ਕਈ ਸਿਆਸੀ ਆਗੂਆਂ ਨੇ ਨਿਖੇਧੀ ਵੀ ਕੀਤੀ ਹੈ ਤੇ ਸਾਰੇ ਇੱਕਜੁੱਟ ਹੋ ਕੇ ਬਲਵਿੰਦਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।