ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਨੰਤਨਾਗ ਵਿਖੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਕਸ਼ਮੀਰ ਜ਼ੋਨ ਦੀ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ।ਸੋਮਵਾਰ ਸਵੇਰੇ ਸ਼ੁਰੂ ਕੀਤੇ ਗਏ ਇਸ ਅਭਿਆਨ 'ਚ ਸੀਆਰਪੀਐਫ ਦੀ ਤਤਕਾਲ ਐਕਸ਼ਨ ਟੀਮ ਸਣੇ ਪੁਲਿਸ ਅਤੇ ਫੌਜ ਦੇ 3 ਰਾਸ਼ਟਰੀ ਰਾਈਫਲਜ਼ ਦੀ ਇੱਕ ਸੰਯੁਕਤ ਟੀਮ ਵੱਲੋਂ ਸਾਂਝੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਠਭੇੜ ਵਿੱਚ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਮਾਰੇ ਗਏ ਅੱਤਵਾਦੀਆਂ ਕੋਲੋਂ ਦੋ AK- 47 ਰਾਈਫਲ ਬਰਾਮਦ ਹੋਈਆਂ ਹਨ। ਸੂਤਰਾਂ ਮੁਤਾਬਕ ਮਾਰੇ ਗਏ ਦੋਵੇਂ ਅੱਤਵਾਦੀ ਲਸ਼ਕਰ ਦੇ ਸਨ। ਜਿਨ੍ਹਾਂ ਵਿਚੋਂ ਇੱਕ ਪਾਕਿਸਤਾਨੀ ਅਤੇ ਦੂਜਾ ਸਥਾਨਕ ਨਿਵਾਸੀ ਸੀ। ਹਾਲਾਂਕਿ, ਅਜੇ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਮੁਠਭੇੜ ਜਾਰੀ ਹੈ।
ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਬਾਰ੍ਹਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿੱਚ ਐਤਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਈ ਸੀ। ਇਸ ਮੁਠਭੇੜ ਵਿੱਚ ਤਿੰਨ ਅਣਪਛਾਤੇ ਅੱਤਵਾਦੀ ਮਾਰੇ ਗਏ ਸਨ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸੋਪੋਰ ਸ਼ਹਿਰ ਦੇ ਰੇਬਨ ਖ਼ੇਤਰ ਵਿੱਚ ਅੱਧੀ ਰਾਤ ਦੇ ਕਰੀਬ ਘੇਰਾਬੰਦੀ ਕਰ ਭਾਲ ਮੁਹਿੰਮ ਚਲਾਈ ਗਈ।