ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ਵਿੱਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਵਿਰੋਧ 'ਤੇ ਪੁਲਿਸ ਨੇ ਜੋ ਜਵਾਬੀ ਕਾਰਵਾਈ ਕੀਤੀ ਹੈ ਉਸ ਨੂੰ ਲੈ ਕੇ ਵਿਰੋਧੀ ਧਿਰ ਨੇ ਜਮ ਕੇ ਨਿਸ਼ਾਨੇ ਸਾਧੇ ਹਨ।
ਕਾਂਗਰਸ ਦੀ ਸਕੱਤਰ ਪ੍ਰਿੰਯਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ, "ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਵੜ ਕੇ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਹੈ ਜਿਸ ਵੇਲੇ ਸਰਕਾਰ ਨੂੰ ਅੱਗੇ ਆ ਕੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਸੀ ਉਸ ਵੇਲੇ ਭਾਜਪਾ ਸਰਕਾਰ ਉੱਤਰ ਪੂਰਬ, ਉੱਤਰ ਪ੍ਰਦੇਸ਼, ਦਿੱਲੀ ਦੇ ਵਿਦਿਆਰਥੀਆਂ ਅਤੇ ਪੱਤਰਕਾਰਾਂ ਉੱਤੇ ਦਮਨ ਦੇ ਜ਼ਰੀਏ ਆਪਣੀ ਮੌਜੂਦਗੀ ਦਰਜ ਕਰਵਾ ਰਹੀ ਹੈ ਇਹ ਸਰਕਾਰ ਡਰਪੋਕ ਹੈ।"
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ, "ਜਨਤਾ ਦੀ ਆਵਾਜ਼ ਡਰਦੀ ਨਹੀਂ ਹੈ। ਇਸ ਦੇਸ਼ ਦੇ ਨੌਜਵਾਨਾਂ, ਉਨ੍ਹਾਂ ਦੇ ਸਾਹਸ ਅਤੇ ਉਨ੍ਹਾਂ ਦੀ ਹਿੰਮਤ ਨੂੰ ਆਪਣੀ ਖੋਖਲੀ ਤਾਨਾਸ਼ਾਹੀ ਹੇਠ ਦਬਾਉਣਾ ਚਾਹੁੰਦੀ ਹੈ। ਇਹ ਭਾਰਤ ਦਾ ਨੌਜਵਾਨ ਹੈ, ਸੁਣ ਲਓ ਮੋਦੀ ਜੀ, ਇਹ ਦੱਬਦਾ ਨਹੀਂ, ਇਸ ਦੀ ਆਵਾਜ਼ ਅੱਜ ਨਹੀਂ ਤਾਂ ਕੱਲ੍ਹ ਸੁਣਨੀ ਹੀ ਪਵੇਗੀ।
ਇਸ ਤੋਂ ਪਹਿਲਾਂ ਕਾਂਗਰਸ ਨੇ ਸਰਕਾਰ 'ਤੇ ਦੇਸ਼ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਆਪਣੇ ਕਰਤੱਵ ਨੂੰ ਨਿਭਾਉਣ ਵਿੱਚ ਨਾਕਾਮ ਰਹਿਣ ਅਤੇ ਅਸਮ, ਤ੍ਰਿਪੁਰਾ ਅਤੇ ਮੇਘਾਲਿਆ ਦੇ ਬਾਅਦ ਵਿੱਚ ਦਿੱਲੀ ਤੱਕ ਨੂੰ ਸੜਨ ਲਈ ਛੱਡ ਦੇਣ ਦਾ ਇਲਜ਼ਾਮ ਲਾਇਆ ਸੀ।
ਜ਼ਿਕਰ ਕਰਨਾ ਬਣਦਾ ਹੈ ਕਿ ਜਾਮੀਆ ਕੈਂਪਸ ਵਿੱਚ ਕੀਤੀ ਗਈ ਪੁਲਿਸ ਦੀ ਕਾਰਵਾਈ ਦੇ ਵਿਰੱਧ ਐਤਵਾਰ ਰਾਤ ਵਿੱਚ ਵਿਦਿਆਰਥੀ ਵੱਡੀ ਗਿਣਤੀ ਵਿੱਚ ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਗਏ। ਇੱਥੇ ਵਿਦਿਆਰਥੀਆਂ ਨੇ ਪੁਲਿਸ ਦੇ ਵਿਰੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਨਸ਼ਨਕਾਰੀਆਂ ਦੇ ਹੱਕ ਵਿੱਚ ਦਿੱਲੀ ਯੂਨੀਵਰਸਿਟੀ. ਜੇਐਨਯੂ ਤੋਂ ਲੈ ਕੇ ਆਮ ਲੋਕਾਂ ਸਮੇਤ ਕਈ ਨੇਤਾ ਵੀ ਸ਼ਾਮਲ ਹੋਏ ਸੀ।