ਆਬੂਧਾਬੀ: ਆਈਪੀਐਲ 2020 ਦੇ 13ਵੇਂ ਸੀਜ਼ਨ ਦੇ 5ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ। ਨਾਈਟ ਰਾਈਡਰਜ਼ ਨੂੰ ਮੁੰਬਈ ਨੇ ਨਿਰਧਾਰਤ 20 ਓਵਰਾਂ ਵਿੱਚ 195 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਨਾਈਟ ਰਾਈਡਰਜ਼ 146 ਦੌੜਾਂ ਹੀ ਬਣਾ ਸਕੇ। ਮੁੰਬਈ ਦੀ ਜਿੱਤ ਵਿੱਚ ਕਪਤਾਨ ਰੋਹਿਤ ਸ਼ਰਮਾ ਚਮਕੇ, ਜਿਨ੍ਹਾਂ ਨੇ 80 ਦੌੜਾਂ ਬਣਾ ਕੇ ਮੈਨ ਆਫ਼ ਦਾ ਮੈਚ ਦਾ ਖਿ਼ਤਾਬ ਵੀ ਜਿੱਤਿਆ।
ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਸ਼ੁਰੂਆਤ ਤੋਂ ਹੀ ਲੜਖੜਾ ਗਈ, ਜਦੋਂ ਦੋਵੇਂ ਸਲਾਮੀ ਬੱਲੇਬਾਜ਼ੀ ਸੁਨੀਲ ਨਰਾਇਣ 9 ਅਤੇ ਸ਼ੁਭਮ ਗਿੱਲ 7 ਦੌੜਾਂ ਬਣਾ ਕੇ ਹੀ ਪਵੇਲੀਅਨ ਪਰਤ ਗਏ। ਇਸ ਪਿੱਛੋਂ ਬੱਲੇਬਾਜ਼ੀ ਲਈ ਆਏ ਕਪਤਾਨ ਦਿਨੇਸ਼ ਕਾਰਤਿਕ 23 ਗੇਂਦਾਂ 30 ਦੌੜਾਂ ਅਤੇ ਨਿਤੀਸ਼ ਰਾਣਾ 18 ਗੇਂਦਾਂ 24 ਨੇ ਮੋਰਚਾ ਸੰਭਾਲਦੇ ਹੋਏ ਟੀਮ ਨੂੰ ਮਜ਼ਬੂਤੀ ਦੇਣੀ ਚਾਹੀ ਪਰ ਦੀਪਕ ਚਹਿਰ ਦੀ ਗੇਂਦ 'ਤੇ ਦਿਨੇਸ਼ ਕਾਰਤਿਕ ਐਲਬੀਡਬਲਿਯੂ ਆਊਟ ਹੋ ਗਏ ਅਤੇ ਨਿਤੀਸ਼ ਰਾਣਾ ਵੀ ਕੀਰੇਨ ਪੋਲਾਰਡ ਦੀ ਗੇਂਦ 'ਤੇ ਕੈਚ ਦੇ ਬੈਠੇ।
195 ਦੌੜਾਂ ਦਾ ਪਿੱਛਾ ਕਰ ਰਹੀ ਕੋਲਕਾਤਾ ਲਈ ਇਸ ਵਾਰ ਈਓਨ ਮੋਰਗਨ ਅਤੇ ਆਂਦਰੇ ਰਸੇਲ ਵੀ ਕੁੱਝ ਨਹੀਂ ਕਰ ਸਕੇ ਅਤੇ ਸਾਰੇ ਬੱਲੇਬਾਜ਼ ਇੱਕ ਤੋਂ ਬਾਅਦ ਇੱਕ ਆਊਟ ਹੁੰਦੇ ਗਏ। ਹਾਲਾਂਕਿ ਕੋਲਕਾਤਾ ਦੇ ਪੈਟ ਕਮਿੰਸ ਨੇ ਆਖ਼ਰੀ ਓਵਰਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 12 ਗੇਂਦਾਂ 33 ਦੌੜਾਂ ਬਣਾ ਕੇ ਮਨੋਰੰਜਨ ਕੀਤਾ। ਕਮਿੰਸ ਨੇ ਆਪਣੀ ਪਾਰੀ ਵਿੱਚ ਜਸਪ੍ਰੀਤ ਬੁਮਰਾਹ ਦੇ ਤੀਜੇ ਓਵਰ ਵਿੱਚ 4 ਛੱਕੇ ਲਾਏ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਮੁੰਬਈ ਲਈ ਜੇਮਜ਼ ਪੈਟਿਨਸਨ, ਰਾਹੁਲ ਚਹਿਰ ਅਤੇ ਟ੍ਰੇਟ ਬੋਲਟ ਨੇ ਸਾਂਝੇ ਰੂਪ ਵਿੱਚ 2-2 ਵਿਕਟਾਂ ਹਾਸਲ ਕੀਤੀਆਂ।