ਦੁਬਈ: ਆਈਪੀਐਲ ਦੇ ਸੀਜ਼ਨ-13 ਦੇ ਸੁਪਰ ਓਵਰ ਤੱਕ ਹੋਏ ਦੂਜੇ ਮੈਚ ਵਿੱਚ ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਹਾਰ ਦੇ ਕੰਢੇ 'ਤੇ ਪੁੱਜੀ ਦਿੱਲੀ ਕੈਪੀਟਲ ਨੇ ਪੰਜਾਬ ਨੂੰ ਹਰਾ ਕੇ ਮੈਚ ਜਿੱਤ ਲਿਆ ਹੈ। ਦਿੱਲੀ ਦੀ ਇਸ ਜਿੱਤ ਵਿੱਚ ਬੱਲੇਬਾਜ਼ ਮਾਰਕਸ ਸਟੋਨਿਸ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ ਦਿੱਲੀ ਲਈ ਆਖ਼ਰੀ ਓਵਰਾਂ ਵਿੱਚ ਅਰਧ ਸੈਂਕੜਾ ਲਗਾਉਂਦੇ ਹੋਏ 2 ਵਿਕਟਾਂ ਵੀ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਵੀ ਦਿੱਲੀ ਵਰਗੀ ਰਹੀ ਤੇ ਪੰਜ ਵਿਕਟਾਂ 'ਤੇ 55 ਦੌੜਾਂ ਦੀ ਸਥਿਤੀ ਬਣ ਗਈ ਸੀ। ਇਸ ਪਿੱਛੋਂ ਬੱਲੇਬਾਜ਼ੀ ਲਈ ਆਏ ਮਯੰਕ ਅਗਰਵਾਲ ਨੇ ਆਪਣੀ 89 ਦੌੜਾਂ ਦੀ ਪਾਰਟੀ ਸਦਕਾ ਅਗਰਵਾਲ ਨੇ ਪੰਜਾਬ ਨੂੰ ਜਿੱਤ ਦੇ ਕੰਢੇ 'ਤੇ ਪਹੁੰਚਾਇਆ। ਅਗਰਵਾਲ ਨੇ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ।
ਆਖ਼ਰੀ ਓਵਰ ਵਿੱਚ ਪੰਜਾਬ ਨੂੰ 13 ਦੌੜਾਂ ਦੀ ਲੋੜ ਸੀ, ਪਰ ਦਿੱਲੀ ਕੈਪੀਟਲ ਦੀ ਕਸੀ ਹੋਈ ਗੇਂਦਬਾਜ਼ੀ ਨਾਲ ਮੈਚ ਸੁਪਰ ਓਵਰ ਵਿੱਚ ਪੁੱਜ ਗਿਆ। ਸੁਪਰ ਓਵਰ ਲਈ ਮੈਦਾਨ 'ਤੇ ਉਤਰੀ ਪੰਜਾਬ ਨੇ 2 ਗੇਂਦਾਂ 'ਤੇ ਹੀ ਦੋ ਵਿਕਟਾਂ ਗੁਆ ਲਈਆਂ। ਕਾਗਿਸੋ ਰਬਾਡਾ ਨੇ ਤਿੱਖੀ ਗੇਂਦਬਾਜ਼ੀ ਕਰਦੇ ਹੋਏ ਲਗਾਤਾਰ ਦੋ ਗੇਂਦਾਂ 'ਤੇ ਕੇ.ਐਲ. ਰਾਹੁਲ ਅਤੇ ਨਿਕੋਲਸ ਪੂਰਨ ਨੂੰ ਆਊਟ ਕਰਕੇ ਟੀਮ ਨੂੰ ਜਿੱਤ ਦਿਵਾਈ।
ਇਸਤੋਂ ਪਹਿਲਾਂ ਟਾਸ ਜਿੱਤ ਕੇ ਪੰਜਾਬ ਨੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਬੱਲੇਬਾਜ਼ੀ ਕਰਨ ਉਤਰੀ ਦਿੱਲੀ ਕੈਪੀਟਲ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪੰਜਾਬ ਦੇ ਗੇਂਦਬਾਜ਼ਾਂ ਅੱਗੇ ਇੱਕ ਸਮੇਂ ਦਿੱਲੀ ਕੈਪੀਟਲ ਦੀ ਟੀਮ ਮਹਿਜ਼ 13 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਇਸ ਵਿਚਕਾਰ ਕਪਤਾਨ ਸ਼੍ਰੇਅਰ ਅਈਅਰ 39 ਅਤੇ ਰਿਸ਼ਭ ਪੰਤ ਦੀਆਂ 31 ਦੌੜਾਂ ਨੇ ਚੌਥੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਬੁਰੀ ਸਥਿਤੀ ਵਿੱਚੋਂ ਉਭਾਰਿਆ।
ਦਿੱਲੀ ਕੈਪੀਟਲ ਲਈ ਆਖ਼ਰੀ ਤਿੰਨ ਓਵਰ ਬਹੁਤ ਵਧੀਆ ਸਾਬਤ ਹੋਏ, ਜਿਨ੍ਹਾਂ ਵਿੱਚ ਬੱਲੇਬਾਜ਼ ਮਾਰਕਸ ਸਟੋਨਿਸ ਨੇ ਆਪਣੇ ਜ਼ੋਹਰ ਵਿਖਾਏ। ਇਨ੍ਹਾਂ ਓਵਰਾਂ ਵਿੱਚ ਸਟੋਨਿਸ ਨੇ ਪੰਜਾਬ ਦੇ ਗੇਂਦਬਾਜ਼ਾਂ ਨੂੰ ਨਾ ਬਖ਼ਸ਼ਦੇ ਹੋਏ ਮਹਿਜ਼ 20 ਗੇਂਦਾਂ 'ਤੇ ਅਰਧ ਸੈਂਕੜਾ ਲਗਾਉਂਦੇ ਹੋਏ ਟੀਮ ਨੂੰ 157 ਦੌੜਾਂ ਦੇ ਮਜ਼ਬੂਤ ਟੀਚੇ ਤੱਕ ਪਹੁੰਚਾਇਆ। ਸਟੋਨਿਸ ਨੇ 53 ਦੌੜਾਂ ਦੀ ਆਪਣੀ ਪਾਰੀ ਵਿੱਚ 7 ਚੌਕੇ ਤੇ ਤਿੰਨ ਛੱਕੇ ਲਗਾਏ।