ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਨਿਲ ਵਿਜ ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਸਮਰਥਨ ਵਿੱਚ ਉੱਤਰੇ। ਕੰਗਨਾ ਨੂੰ ਮੁੰਬਈ ਵਾਪਸ ਨਾ ਪਰਤਣ ਬਾਰੇ ਕੀਤੀ ਟਿੱਪਣੀ 'ਤੇ ਵਿਜ ਨੇ ਸ਼ਿਵ ਸੈਨਾ ਆਗੂਆਂ ਨੂੰ ਕਰੜੇ ਹੱਥੀਂ ਲਿਆ।
ਕਿਸੇ ਆਗੂ ਦਾ ਨਾਂਅ ਲਏ ਬਿਨਾਂ ਅਨਿਲ ਵਿਜ ਨੇ ਕਿਹਾ, "ਕੀ ਇਹ (ਮੁੰਬਈ) ਕਿਸੇ ਦੇ ਪਿਤਾ ਦੀ ਜਾਇਦਾਦ ਹੈ? ਮੁੰਬਈ ਭਾਰਤ ਦਾ ਹਿੱਸਾ ਹੈ ਅਤੇ ਕੋਈ ਵੀ ਉੱਥੇ ਜਾ ਸਕਦਾ ਹੈ। ਅਜਿਹੇ ਬਿਆਨ ਦੇਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤੁਸੀਂ ਕਿਸੇ ਨੂੰ ਵੀ ਸੱਚ ਬੋਲਣ ਤੋਂ ਨਹੀਂ ਰੋਕ ਸਕਦੇ।"
ਵਿਜ ਨੇ ਕਿਹਾ ਕਿ ਅਦਾਕਾਰਾ ਨੂੰ ਬਿਨ੍ਹਾਂ ਰੋਕ ਤੋਂ ਖੁਲਾਸੇ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ। ਵਿਜ ਨੇ ਅੱਗੇ ਕਿਹਾ, "ਹੁਣ ਮੋਮਬੱਤੀ ਬ੍ਰਿਗੇਡ ਕਿੱਥੇ ਹੈ ਜੋ ਹਰ ਮੁੱਦੇ ਉੱਤੇ ਸੜਕ 'ਤੇ ਆਉਂਦੀ ਹੈ, ਅਤੇ ਜਦੋਂ ਹੁਣ ਉਸ (ਕੰਗਨਾ) ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਆਪਣੇ ਤਮਗੇ ਕਿਉਂ ਨਹੀਂ ਵਾਪਸ ਕਰ ਰਹੇ?"
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੰਗਨਾ ਵੱਲੋਂ ਸੁਸ਼ਾਂਤ ਮਾਮਲੇ ਵਿੱਚ ਮੁੰਬਈ ਪੁਲਿਸ 'ਤੇ ਸਵਾਲ ਚੁੱਕਣ ਨੂੰ ਲੈ ਕੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਪਾਰਟੀ ਦੇ ਮੁੱਖ ਪੱਤਰ ਸਾਮਨਾ ਰਾਹੀਂ ਕਿਹਾ ਸੀ ਕਿ ਜੇ ਕੰਗਨਾ ਨੂੰ ਮੁੰਬਈ ਪੁਲਿਸ 'ਤੇ ਭਰੋਸਾ ਨਹੀਂ ਤਾਂ ਉਨ੍ਹਾਂ ਨੂੰ ਮੁੰਬਈ ਨਹੀਂ ਪਰਤਣਾ ਚਾਹੀਦਾ।
ਇਸ 'ਤੇ ਪ੍ਰਤੀਕਰਮ ਦਿੰਦਿਆਂ ਕੰਗਨਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਮੁੰਬਈ ਉਨ੍ਹਾਂ ਨੂੰ ਪੀਓਕ ਵਰਗੀ ਜਾਪ ਰਹੀ ਹੈ। ਇਸ ਟਿੱਪਣੀ ਨੂੰ ਲੈ ਕੇ ਕੰਗਨਾ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।