ਜੈਪੁਰ: ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਹੋਵੇਗਾ। ਅਸ਼ੋਕ ਗਹਿਲੋਤ ਦੀ ਸਰਕਾਰ ਇਸ ਦੌਰਾਨ ਵਿਸ਼ਵਾਸ ਮਤ ਪ੍ਰਸਤਾਵ ਪੇਸ਼ ਕਰੇਗੀ। ਦੂਜੇ ਪਾਸੇ ਬੀਜੇਪੀ ਨੇ ਵਿਧਾਨ ਸਭਾ ਵਿੱਚ ਅਵਿਸ਼ਵਾਸ ਮਤਾ ਲੈ ਕੇ ਆਉਣ ਦਾ ਐਲਾਨ ਕੀਤਾ ਹੈ।
ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਕਿਹਾ, "ਅਸੀਂ ਆਪਣੇ ਸਹਿਯੋਗੀ ਪਾਰਟੀਆਂ ਨਾਲ ਵਿਧਾਨ ਸਭਾ ਵਿੱਚ ਇੱਕ ਅਵਿਸ਼ਵਾਸ਼ ਮਤਾ ਲਿਆ ਰਹੇ ਹਾਂ।"
ਬੀਤੇ ਦਿਨ ਰਾਜਸਥਾਨ ਵਿੱਚ ਵਿਧਾਇਕ ਦਲ ਦੀ ਬੈਠਕ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਮੁਲਾਕਾਤ ਹੋਈ ਜਿਸ ਦੌਰਾਨ ਦੋਹਾਂ ਨੇ ਮੁੜ ਤੋਂ ਹੱਥ ਮਿਲਾ ਲਿਆ ਹੈ। ਪਾਇਲਟ ਨਾਲ ਮੁਲਾਕਾਤ ਤੋਂ ਬਾਅਦ ਗਹਿਲੋਤ ਨੇ ਕਿਹਾ, "ਜੋ ਗੱਲਾਂ ਹੋਈਆਂ ਉਨ੍ਹਾਂ ਨੂੰ ਭੁੱਲ ਜਾਓ ਅਸੀਂ ਇਨ੍ਹਾਂ 19 ਵਿਧਾਇਕਾਂ ਤੋਂ ਬਿਨਾਂ ਬਹੁਮਤ ਸਾਬਿਤ ਕਰ ਦਿੰਦੇ ਪਰ ਫਿਰ ਉਹ ਖੁਸ਼ੀ ਨਹੀਂ ਮਿਲਦੀ, ਕਿਉਂਕਿ ਆਪਣੇ ਤਾਂ ਆਪਣੇ ਹੁੰਦੇ ਹਨ। ਅਸੀਂ ਖੁਦ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਲੈ ਕੇ ਆਵਾਂਗੇ।"
ਰਾਜਸਥਾਨ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਕਾਂਗਰਸ ਨਾਲ ਮਿਲੇ ਆਪਣੇ ਛੇ ਵਿਧਾਇਕਾਂ ਨੂੰ ਇੱਕ ਵ੍ਹਿਪ ਜਾਰੀ ਕੀਤਾ ਹੈ। ਬਸਪਾ ਨੇ ਵ੍ਹਿਪ ਵਿਚ ਵਿਧਾਇਕਾਂ ਨੂੰ ਵਿਸ਼ਵਾਸ ਦੇ ਪ੍ਰਸਤਾਵ ਵਿਚ ਕਾਂਗਰਸ ਵਿਰੁੱਧ ਵੋਟ ਪਾਉਣ ਲਈ ਕਿਹਾ ਹੈ। ਬਸਪਾ ਵੱਲੋਂ ਵ੍ਹਿਪ ਵਿੱਚ ਕਿਹਾ ਗਿਆ ਸੀ ਕਿ ਜੇ ਵਿਧਾਇਕ ਵ੍ਹੀਪ ਨੂੰ ਸਵੀਕਾਰ ਨਹੀਂ ਕਰਦੇ ਹਨ ਤਾਂ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ।