ਚੰਡੀਗੜ੍ਹ: ਪਾਕਿਸਤਾਨੀ ਏਅਰਸਪੇਸ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਜਹਾਜ਼ ਨੂੰ ਭਾਰਤੀ ਹਵਾਈ ਫ਼ੌਜ ਨੇ ਘੇਰ ਕੇ ਜੈਪੁਰ ਵਿੱਚ ਉੱਤਰਨ ਲਈ ਮਜ਼ਬੂਰ ਕਰ ਦਿੱਤਾ। ਇਹ ਜਹਾਜ਼ ਤੈਅ ਰਸਤੇ ਤੋਂ ਗ਼ਲਤ ਦਿਸ਼ਾ ਵਿੱਚ ਆ ਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਿਆ। ਇਸ ਜਹਾਜ਼ ਨੂੰ ਹੁਣ ਕਲੀਅਰੈਂਸ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਬਾਕ ਇਹ ਜੌਰਜੀਆ ਦਾ ਇੱਕ ਕਾਰਗੋ ਜਹਾਜ਼ ਹੈ ਜੋ ਆਪਣੇ ਰਾਹ ਤੋਂ ਭਟਕ ਗਿਆ ਸੀ ਜਿਸ ਤੋਂ ਬਾਅਦ ਹਵਾਈ ਫ਼ੌਜ ਨੇ ਰਡਾਰ 'ਤੇ ਇਸ ਜਹਾਜ਼ ਨੂੰ ਵੇਖਿਆ ਅਤੇ ਸ਼ੱਕ ਦੇ ਆਧਾਰ 'ਤੇ ਇਸ ਦਾ ਪਿੱਛਾ ਕੀਤਾ।
ਜੈਪੁਰ ਉੱਤਰੇ ਪਾਕਿਸਤਾਨੀ ਜਹਾਜ਼ ਨੂੰ ਮਿਲੀ ਕਲੀਅਰੈਂਸ ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਪਾਕਿਸਤਾਨ ਤੋਂ ਉੱਤਰੀ ਗੁਜਰਾਤ ਵੱਲ ਦਾਖ਼ਲ ਹੋਇਆ ਸੀ। ਉੱਥੇ ਹੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਨੇ ਉਸ ਦਾ ਪਿੱਛਾ ਕੀਤਾ ਅਤੇ ਜਹਾਜ਼ ਜੈਪੁਰ ਵਿੱਚ ਉਤਾਰ ਦਿੱਤਾ ਗਿਆ।
ਜੈਪੁਰ ਹਵਾਈ ਅੱਡਾ ਪਾਕਿਸਤਾਨੀ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਛਾਉਣੀ ਵਿੱਚ ਬਦਲ ਗਿਆ। ਸਥਾਨਕ ਪੁਲਿਸ ਤੋਂ ਇਲਾਵਾ, ਹਵਾਈ ਫ਼ੌਜ ਅਤੇ ਜ਼ਮੀਨੀ ਫ਼ੌਜ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ।
ਜੈਪੁਰ ਵਿੱਚ ਲੈਂਡ ਹੋਏ ਜਹਾਜ਼ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪਾਇਲਟਾਂ ਤੋਂ ਪੁੱਛਗਿੱਛ ਕੀਤੀ। ਜੌਰਜੀਆ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਜੈਪੁਰ ਏਅਰਪੋਰਟ ਤੋਂ ਕਲੀਅਰੈਂਸ ਮਿਲ ਗਈ ਹੈ ਜਿਸ ਤੋਂ ਬਾਅਦ ਇਹ ਜਹਾਜ਼ ਹੁਣ ਜੈਪੁਰ ਤੋਂ ਦਿੱਲੀ ਲਈ ਰਵਾਨਾ ਹੋ ਸਕਦਾ ਹੈ।