ਹਨੂੰਮਾਨਗੜ੍ਹ/ਰਾਜਸਥਾਨ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਤਹਿਤ ਅੱਜ ਅਸੀਂ ਪੁੱਜੇ ਹਾ ਰਾਜਸਥਾਨ ਸੂਬੇ ਦੇ ਇਲਾਕੇ ਹਨੂੰਮਾਨਗੜ੍ਹ ਵਿੱਚ, ਇਸ ਇਲਾਕੇ ਵਿੱਚ ਬਣੇ ਗੁਰੂ ਘਰ ਦਾ ਜੋ ਇਤਿਹਾਸ ਹੈ ਉਸ ਨੇ ਸਾਨੂੰ ਇਸ ਅਸਥਾਨ ਤੇ ਆਉਣ ਲਈ ਮਜਬੂਰ ਕਰ ਦਿੱਤਾ। ਇਸ ਜਗ੍ਹਾ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਛਾਉਣੀ ਨਿਹੰਗ ਬੁੱਢਾ ਦਲ ਸਸ਼ੋਬਿਤ ਹੈ।
ਇਸ ਦਰੱਖਤ 'ਤੇ ਟੰਗਿਆ ਸੀ ਮੱਸਾ ਰੰਗੜ ਦਾ ਸਿਰ ਇਤਿਹਾਸ
ਕਿਹਾ ਜਾਂਦਾ ਹੈ ਕਿ ਮੱਸੇ ਰੰਗੜ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਸੀ ਤਾਂ ਉਦੋਂ ਮੀਰਾਗੜ੍ਹ ਦੇ ਰਹਿਣ ਵਾਲੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਬਦਲਾ ਲੈਣ ਦਾ ਨਿਸ਼ਚਾ ਕੀਤਾ। ਇਸ ਤੋਂ ਬਾਅਦ ਦੋਵਾਂ ਸਿੱਖਾਂ ਨੇ ਅੰਮ੍ਰਿਤਸਰ ਨੂੰ ਚਾਲੇ ਪਾਏ ਅਤੇ ਉੱਥੋਂ ਮੱਸਾ ਰੰਗੜ ਦਾ ਸਿਰ ਵੱਢ ਕੇ ਆਪਣੇ ਨਾਲ਼ ਲੈ ਆਏ।
ਮੱਸਾ ਰੰਗੜ ਦਾ ਸਿਰ ਵੱਢ ਕੇ ਉਨ੍ਹਾਂ ਗੁਰੂ ਦੇ ਸਿੱਖ ਹੋਣ ਦਾ ਸਬੂਤ ਦਿੱਤਾ। ਇਸ ਤੋਂ ਬਾਅਦ ਉਹ ਮੱਸੇ ਰੰਗੜ ਦੇ ਸਿਰ ਸਮੇਤ ਰਾਜਸਥਾਨ ਦੇ ਹਨੂੰਮਾਨਗੜ੍ਹ ਇਲਾਕੇ ਵਿੱਚ ਇਸ ਜਗ੍ਹਾ ਤੇ ਰਾਤ ਰੁਕੇ ਜਿਸ ਅਸਥਾਨ ਨੇ ਗੁਰੂ ਦੇ ਸਿੰਘਾਂ ਦੇ ਰਾਤ ਦਾ ਠਹਿਰਾਅ ਕੀਤਾ ਅੱਜ ਉੱਥੇ ਗੁਰਦੁਆਰਾ ਸਾਹਿਬ ਸਸ਼ੋਬਿਤ ਹੈ।
ਇਸ ਜਗ੍ਹਾ ਉਹ ਦਰੱਖਤ ਵੀ ਮੌਜੂਦ ਹੈ ਜਿੱਥੇ ਯੋਧਿਆਂ ਨੇ ਮੱਸੇ ਰੰਗੜ ਦਾ ਸਿਰ ਟੰਗ ਕੇ ਰਾਤ ਨੂੰ ਆਰਾਮ ਕੀਤਾ ਸੀ। ਇਸ ਅਸਥਾਨ ਤੇ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ।
ਇਨ੍ਹਾਂ ਸਿੰਘਾਂ ਦੀ ਯਾਦ ਵਿੱਚ ਹਰ ਸਾਲ 10 ਸਤੰਬਰ ਨੂੰ ਇੱਥੇ ਜੋੜ ਮੇਲਾ ਲਗਦਾ ਹੈ ,ਜੋੜ ਮੇਲੇ ਵਿੱਚ ਸੰਗਤ ਬੜੀ ਸ਼ਰਧਾ ਨਾਲ਼ ਨਤਮਸਤਕ ਹੋ ਕੇ ਹਾਜ਼ਰੀ ਲਵਾਉਂਦੀ ਹੈ ਅਤੇ ਸਿੰਘਾਂ ਵੱਲੋਂ ਕੀਤੇ ਉਸ ਬਹਾਦਰੀ ਦੇ ਕਾਰਨਾਮੇ ਅਗਲੀਆਂ ਪੀੜੀਆਂ ਨਾਲ਼ ਸਾਂਝਾ ਕਰਦੀ ਹੈ।