ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 8 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਨੂੰ ਭਾਰਤ-ਪਾਕਿਸਤਾਨ ਦਾ ਮੁਕਾਬਲਾ ਦੱਸਣ ਵਾਲੇ ਕਪਿਲ ਮਿਸ਼ਰਾ ਦੇ ਟਵੀਟ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਸ ਟਵੀਟ ਨੂੰ ਤੁਰੰਤ ਡਿਲੀਟ ਕੀਤਾ ਜਾਵੇ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਨੂੰ ਇਸ 'ਤੇ ਕਾਰਵਾਈ ਕਰਨ ਲਈ ਕਿਹਾ ਸੀ।
ਜੇ ਪੂਰੇ ਮਾਮਲੇ ਉੱਤੇ ਝਾਤ ਮਾਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਦਿੱਲੀ ਵੋਟਾਂ ਦੀ ਤੁਲਨਾ ਭਾਰਤ-ਪਾਕਿਸਤਾਨ ਦੇ ਕ੍ਰਿਕੇਟ ਮੈਚ ਨਾਲ ਕੀਤੀ ਸੀ। ਮਿਸ਼ਰਾ ਨੇ ਟਵੀਟ ਕੀਤਾ ਕਿ 8 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ ਉੱਤੇ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਸ ਦੌਰਾਨ ਮਿਸ਼ਰਾ ਨੇ ਇਹ ਵੀ ਕਿਹਾ ਸੀ ਕਿ 'ਆਪ' ਅਤੇ ਕਾਂਗਰਸ ਨੇ ਸ਼ਾਹੀਨ ਬਾਗ਼ ਵਰਗੇ ਕਈ ਪਾਕਿਸਤਾਨ ਖੜੇ ਕਰ ਦਿੱਤੇ ਹਨ। 8 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਸ ਉੱਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਇਸ ਟਵੀਟ ਨੂੰ ਤੁਰੰਤ ਹੀ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ।
ਇਸ ਤੋਂ ਸਾਰੇ ਭਲੀ ਭਾਂਤੀ ਜਾਣੂ ਹੋ ਹੀ ਗਏ ਹਨ ਕਿ ਦਿੱਲੀ ਵਿੱਚ 8 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਵੋਟਾਂ ਤੋਂ ਬਾਅਦ 11 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।