ਨਵੀਂ ਦਿੱਲੀ: ਕੋਵਿਡ-19 ਨਾਲ ਲੜਨ ਲਈ ਭਾਰਤ ਭਰ ਵਿੱਚ ਡਾਕਟਰੀ ਉਪਕਰਣਾਂ ਦੀ ਘਾਟ ਦੀਆਂ ਖਬਰਾਂ ਦੇ ਵਿਚਕਾਰ, ਕੇਂਦਰੀ ਸਿਹਤ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਪੀਪੀਈ ਕਿੱਟਾਂ, ਐਨ-95 ਮਾਸਕ ਅਤੇ ਵੈਂਟੀਲੇਟਰਾਂ ਵਰਗੇ ਮਹੱਤਵਪੂਰਨ ਮੈਡੀਕਲ ਉਪਕਰਣਾਂ ਦੀ ਖ਼ੁਦ ਖਰੀਦ ਨਾ ਕਰਨ।
ਸਿਹਤ ਮੰਤਰਾਲੇ ਵੱਲੋਂ ਸਾਰੀਆਂ ਰਾਜ ਸਰਕਾਰਾਂ ਨੂੰ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ,“ਇਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕੇਂਦਰੀ ਤੌਰ ’ਤੇ ਖਰੀਦਿਆ ਜਾਣਾ ਚਾਹੀਦਾ ਹੈ ਅਤੇ ਰਾਜਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ”ਉਨ੍ਹਾਂ ਕਿਹਾ ਕਿ ਕੁੱਝ ਰਾਜਾਂ ਕੋਲ ਲੋੜੀਂਦੀ ਸਮੱਗਰੀ ਦਾ ਭੰਡਾਰ ਹੈ ਪਰ ਫੀਲਡ ਕਾਰਜਕਾਰੀ ਅਜਿਹੇ ਸਮਾਨ ਤੋਂ ਬਿਨ੍ਹਾਂ ਕੰਮ ਕਰ ਰਹੇ ਦੱਸੇ ਜਾ ਰਹੇ ਹਨ। ਪੱਤਰ 'ਚ ਲਿਖਿਆ ਕਿ ਰਾਜ ਸਰਕਾਰ ਨੂੰ ਫੀਲਡ ਦੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਜ਼ਰੂਰੀ ਸਮਾਨ ਦੀ ਵੰਡ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਦਾ ਸਿਹਤ ਵਿਭਾਗ ਇਸ ਵਸਤੂ ਪ੍ਰਬੰਧਨ ਦੀ ਜਾਂਚ ਕਰ ਸਕਦਾ ਹੈ ਅਤੇ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਕੋਵਿਡ-19 ਪ੍ਰਬੰਧਨ ਦੀ ਜ਼ਰੂਰਤ ਨੂੰ ਹੱਲ ਕਰਨ ਲਈ ਅਜਿਹੇ ਮਹੱਤਵਪੂਰਨ ਮੈਡੀਕਲ ਉਪਕਰਣਾਂ ਨੂੰ ਜਲਦੀ ਤੋਂ ਜਲਦੀ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਰੱਖਿਆ ਜਾਵੇ।