ਨਵੀਂ ਦਿੱਲੀ: ਕ੍ਰਾਈਮ ਬ੍ਰਾਂਚ ਨੇ ਦਿੱਲੀ ਵਿਖੇ ਨਿਜ਼ਾਮੂਦੀਨ ਵਿੱਚ ਤਬਲੀਗੀ ਜ਼ਮਾਤ ਦੇ ਅਮੀਰ ਮੌਲਾਨਾ ਮੁਹੰਮਦ ਸਾਦ ਨੂੰ ਇੱਕ ਨੋਟਿਸ ਭੇਜਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਰਕਜ਼ ਨਾਲ ਜੁੜੇ 26 ਸਵਾਲਾਂ ਦੇ ਜਵਾਬ ਮੰਗੇ ਹਨ। ਇਸ ਦੌਰਾਨ ਮੌਲਾਨਾ ਮੁਹੰਮਦ ਸਾਦ ਦੀ ਭਾਲ ਵਿੱਚ ਪੁਲਿਸ ਦੀ ਛਾਪੇਮਾਰੀ ਜਾਰੀ ਹੈ। ਇੱਕ ਦਿਨ ਪਹਿਲਾਂ, ਮੌਲਾਨਾ ਸਾਦ ਨੇ ਆਪਣਾ ਆਡੀਓ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਕਿ ਉਹ ਕੁਆਰੰਟੀਨ ਅਧੀਨ ਹੈ।
ਕ੍ਰਾਈਮ ਬ੍ਰਾਂਚ ਵੱਲੋਂ ਭੇਜੇ ਨੋਟਿਸ ਵਿੱਚ ਸੰਸਥਾ ਦਾ ਪੂਰਾ ਪਤਾ ਅਤੇ ਰਜਿਸਟਰੀ ਨਾਲ ਜੁੜੀ ਜਾਣਕਾਰੀ, ਸੰਗਠਨ ਨਾਲ ਜੁੜੇ ਮੁਲਾਜ਼ਮਾਂ ਦੇ ਪੂਰੇ ਵੇਰਵਿਆਂ, ਘਰ ਦਾ ਪਤਾ ਅਤੇ ਮੋਬਾਈਲ ਨੰਬਰ ਸਮੇਤ ਮਰਕਜ਼ ਦੇ ਪ੍ਰਬੰਧਨ ਨਾਲ ਜੁੜੇ ਲੋਕਾਂ ਦੇ ਵੇਰਵੇ ਮੰਗੇ ਗਏ ਹਨ। ਨਾਲ ਹੀ ਇਹ ਵੀ ਪੁੱਛਿਆ ਗਿਆ ਕਿ ਇਹ ਲੋਕ ਕਦੋਂ ਤੋਂ ਮਰਕਜ਼ ਨਾਲ ਜੁੜੇ ਹੋਏ ਹਨ।
ਇਸ ਦੇ ਨਾਲ ਹੀ, ਪਿਛਲੇ 3 ਸਾਲਾਂ ਦੇ ਇਨਕਮ ਟੈਕਸ ਦੇ ਵੇਰਵੇ, ਪੈਨ ਕਾਰਡ ਨੰਬਰ, ਬੈਂਕ ਖਾਤੇ ਦਾ ਵੇਰਵਾ ਅਤੇ ਇੱਕ ਸਾਲ ਦੀ ਬੈਂਕ ਸਟੇਟਮੈਂਟ ਦੀ ਮੰਗ ਕੀਤੀ ਗਈ ਹੈ। 1 ਜਨਵਰੀ 2019 ਤੋਂ ਹੁਣ ਤੱਕ ਮਰਕਜ਼ ਵਿਖੇ ਹੋਏ ਸਾਰੇ ਧਾਰਮਿਕ ਸਮਾਗਮਾਂ ਦੀ ਜਾਣਕਾਰੀ ਵੀ ਮੰਗੀ ਗਈ ਹੈ। ਇਹ ਪੁੱਛਿਆ ਗਿਆ ਹੈ ਕਿ ਮਰਕਜ਼ ਦੇ ਅੰਦਰ ਸੀਸੀਟੀਵੀ ਕੈਮਰੇ ਕਿੱਥੇ-ਕਿਥੇ ਲਗਾਏ ਗਏ ਹਨ।
ਕ੍ਰਾਈਮ ਬ੍ਰਾਂਚ ਨੇ ਪੁੱਛਿਆ ਕਿ 12 ਮਾਰਚ 2020 ਤੋਂ ਬਾਅਦ, ਕੋਣ ਅਤੇ ਕਿੰਨੇ ਲੋਕ ਮਰਕਜ਼ ਵਿੱਚ ਆਏ, ਜੋ ਬਿਮਾਰ ਸਨ ਅਤੇ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਉਸ ਦੀ ਪੂਰੀ ਜਾਣਕਾਰੀ ਦਿਓ। ਕ੍ਰਾਈਮ ਬ੍ਰਾਂਚ ਮਰਕਜ਼ ਦੇ ਪੂਰੇ ਕੋਰੋਨਾ ਕੁਨੈਕਸ਼ਨ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਮੌਲਾਨਾ ਸਾਦ ਸਣੇ ਸੱਤ ਵਿਅਕਤੀਆਂ ਉੱਤੇ ਮਾਮਲਾ ਦਰਜ ਹੈ। ਫਿਲਹਾਲ ਮੌਲਾਨਾ ਸਾਦ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 2 ਵਿਅਕਤੀਆਂ ਦੀ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤ