ਨਵੀਂ ਦਿੱਲੀ: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਕੋਰੋਨਾ ਵਾਇਰਸ ਬਾਰੇ ਉੱਚ ਪੱਧਰੀ ਬੈਠਕ ਖ਼ਤਮ ਹੋ ਗਈ ਹੈ। ਇਹ ਬੈਠਕ ਤਕਰੀਬਨ ਇੱਕ ਘੰਟਾ 40 ਮਿੰਟ ਚੱਲੀ। ਇਸ ਉੱਚ ਪੱਧਰੀ ਬੈਠਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ, ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ, ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਅਧਿਕਾਰੀ ਸ਼ਾਮਲ ਹਨ।
ਸ਼ਨੀਵਾਰ ਨੂੰ ਵੀ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਵਿੱਚ ਵਾਧਾ ਜਾਰੀ ਰਿਹਾ। ਲਗਾਤਾਰ ਦੂਜੇ ਦਿਨ 2 ਹਜ਼ਾਰ ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 39 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।
ਕੇਜਰੀਵਾਲ 17 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਇੱਕ ਬੈਠਕ ਕਰਨਗੇ। ਦਿੱਲੀ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ 2,134 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਬਾਅਦ ਇੱਥੇ ਸੰਕਰਮਿਤ ਦੀ ਕੁੱਲ ਗਿਣਤੀ 38,958 ਹੋ ਗਈ, ਜਦੋਂ ਕਿ ਮੌਤ ਦੇ 57 ਨਵੇਂ ਕੇਸਾਂ ਨਾਲ ਮੌਤਾਂ ਦੀ ਗਿਣਤੀ 1,271 ਹੋ ਗਈ।