ਕੋਵਿਡ-19 ਦੇ ਇਲਾਜ ਲਈ ਜਦੋ ਵੈਕਸੀਨ ਦੀ ਖੋਜ ਕਰਨ ਲਈ ਉਚਿਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਅਜਿਹੇ ਵਿੱਚ ਸਮਾਜਿਕ ਅਤੇ ਵਿਵਹਾਰਕ ਦਖ਼ਲ ਨੂੰ ਪ੍ਰਭਾਵੀ ਢੰਗ ਨਾਲ ਵਿਵਸਥਿਤ ਕਰਨ ਲਈ ਜਨਤਕ ਸਿਹਤ ਉਪਾਇਆਂ ਦੇ ਰੂਪ ਵਿੱਚ ਸਮੁਦਾਇਕ ਸਹਿਭਾਗਤਾ ਮਹੱਤਵਪੂਰਨ ਹੈ।
ਸਮੁਦਾਇਕ ਸਹਿਭਾਗਤਾ ਜਨਤਕ ਸਿਹਤ ਸਬੰਧੀ ਐਮਰਜੈਂਸੀ ਵਾਲੇ ਹਾਲਾਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਜਿਹੇ ਹਾਲਾਤ ਵਿੱਚ ਧਿਆਨ ਰੱਖਣ ਯੋਗ ਹੈ ਕਿ ਸਰਕਾਰ ਅਤੇ ਸਿਹਤ ਪ੍ਰਣਾਲੀਆਂ ਨੂੰ ਭਾਈਚਾਰਿਆਂ, ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਹੋਰ ਹਿੱਤਧਾਰਕਾਂ, ਭਾਈਵਾਲਾਂ ਅਤੇ ਹੋਰ ਖੇਤਰਾਂ ਨੂੰ ਆਪਣੇ ਨਾਲ ਜੋੜਨਾ ਹੋਵੇਗਾ। ਜ਼ੂਨੋਟਿਕ ਬਿਮਾਰੀਆਂ ਦੀ ਲਾਗ ਦੇ ਦੋ ਹਾਲੀਆ ਰੋਗਾਂ ਇਬੋਲਾ ਵਾਇਰਸ ਤੇ ਨਿਪਾਹ ਨਾਲ ਨਿਪਟਣ ਲਈ ਸਮੁਦਾਇਕ ਸ਼ਮੂਲੀਅਤ ਪ੍ਰਭਾਵੀ ਰਹੀ ਹੈ।
ਸਾਲ 2018 ਵਿੱਚ ਅਫ਼ਰੀਕਾ ਦੇ ਉੱਤਰ ਪੂਰਬੀ ਡੀਆਰ ਕਾਂਗੋ ਵਿੱਚ ਇਬੋਲਾ ਦਾ ਪ੍ਰਕੋਪ ਫੈਲਿਆ ਸੀ ਜਿਸ ਨੂੰ ਜੁਲਾਈ 2019 ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਗਿਆ ਸੀ। ਜਦੋਂਕਿ ਨਿਪਾਹ ਦਾ ਪ੍ਰਕੋਪ 2018 ਵਿੱਚ ਭਾਰਤ ਦੇ ਕੇਰਲ ਵਿੱਚ ਫੈਲਿਆ ਸੀ। ਡਬਲਯੂਐੱਚਓ ਵੱਲੋਂ ਇਸ ਨੂੰ ਡਬਲਯੂਐੱਚਓ ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ ਜਨਤਕ ਸਿਹਤ ਦੇ ਮਹੱਤਵ ਦੇ ਉੱਭਰਦੇ ਜ਼ੂਨੋਟਿਕ ਰੋਗ ਦੇ ਰੂਪ ਵਿੱਚ ਪਛਾਣਿਆ ਗਿਆ ਸੀ।
ਸਮੁਦਾਇਕ ਸ਼ਮੂਲੀਅਤ ਕੀ ਹੈ?
ਡਬਲਯੂਐੱਚਓ ਨੇ ਸਮੁਦਾਇਕ ਸ਼ਮੂਲੀਅਤ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ, ‘‘ਸਬੰਧਾਂ ਨੂੰ ਵਿਕਸਤ ਕਰਨ ਦੀ ਇੱਕ ਪ੍ਰਕਿਰਿਆ ਜਿਸ ਨਾਲ ਹਿੱਤਧਾਰਕਾਂ ਨੂੰ ਸਿਹਤ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ ਤੇ ਉਨ੍ਹਾਂ ਸਬੰਧੀ ਸਕਾਰਾਤਮਕ ਸਿਹਤ ਪ੍ਰਭਾਵ ਅਤੇ ਨਤੀਜੇ ਪ੍ਰਾਪਤ ਕਰਨ ਲਈ ਭਲਾਈ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।’’
ਇੱਥੇ ਸਮੁਦਾਏ ਤੋਂ ਮਤਲਬ ਸਮੁਦਾਏ ਦੇ ਨਾਲ-ਨਾਲ ਸਿੱਖਿਆ ਸ਼ਾਸਤਰੀਆਂ, ਜਨਤਕ ਸਿਹਤ ਪੇਸ਼ੇਵਰਾਂ, ਨੀਤੀ ਨਿਰਮਾਤਾਵਾਂ ਵਰਗੇ ਪੇਸ਼ੇਵਰਾਂ ਅਤੇ ਸੰਸਥਾਨਾਂ ਤੋਂ ਹੈ। ਸਮੁਦਾਇਕ ਸ਼ਮੂਲੀਅਤ ਦਾ ਤਰਕ ਇਸ ਸਿਧਾਂਤ ’ਤੇ ਆਧਾਰਿਤ ਹੈ ਕਿ ਸਿਹਤ ਅਤੇ ਬਿਮਾਰੀਆਂ ਲੋਕਾਂ ਦੇ ਸਮਾਜਿਕ ਤੇ ਵਾਤਾਵਰਣਿਕ ਪ੍ਰਸੰਗਾਂ ਰਾਹੀਂ ਪੈਦਾ ਹੁੰਦੀਆਂ ਹਨ।
ਸਮੁਦਾਇਕ ਸ਼ਮੂਲੀਅਤ ਨੂੰ ਲਾਗੂ ਕਰਨ ਨਾਲ ਸਬੰਧਿਤ ਕੁਝ ਸਥਾਪਿਤ ਦ੍ਰਿਸ਼ਟੀਕੋਣਾਂ ਅਤੇ ਰਣਨੀਤੀਆਂ ਵਿੱਚ ਸਮਾਜਿਕ ਲਾਮਬੰਦੀ, ਸੰਚਾਰ (ਪ੍ਰਕੋਪ, ਸੰਕਟ, ਖਤਰਾ) ਅਤੇ ਸਿਹਤ ਸਿੱਖਿਆ ਰਾਹੀਂ ਸਿਹਤ ਦਾ ਪ੍ਰਚਾਰ ਕਰਨਾ ਸ਼ਾਮਲ ਹੈ।
ਇਹ ਕਿਵੇਂ ਮਦਦ ਕਰਦਾ ਹੈ?
ਸਮਾਜਿਕ ਲਾਮਬੰਦੀ : ਸਮਾਜਿਕ ਲਾਮਬੰਦੀ ਅੰਤਰ ਸਬੰਧਿਤ ਅਤੇ ਸਹਾਇਤਾ ਵਿੱਚ ਲੱਗੇ ਵਿਅਕਤੀਆਂ ਰਾਹੀਂ ਤਬਦੀਲੀ ਦੀ ਸਹੂਲਤ ਦੇਣਾ ਚਾਹੁੰਦੀ ਹੈ। ਅਸੀਂ ਦੇਖਿਆ ਹੈ ਕਿ ਦੇਸ਼ ਨਵੇਂ ਸਰੋਤ (ਕੋਵਿਡ-19 ਲਈ ਰਾਹਤ ਫੰਡ) ਇਕੱਤਰ ਕਰਨ ਵਿੱਚ ਸਮਰੱਥ ਹੈ। (ਟੈਸਟ, ਨਿਗਰਾਨੀ ਅਤੇ ਦਵਾਈਆਂ ਦਾ ਉਤਪਾਦਨ, ਮੀਡੀਆ ਮੁਹਿੰਮਾਂ ਆਦਿ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦਾ ਨਿੱਜੀ ਖੇਤਰ ਦਾ ਯੋਗਦਾਨ)।
ਇਸ ਦੇ ਇਲਾਵਾ ਸਾਡੀਆਂ ਕੋਸ਼ਿਸ਼ਾਂ ਵਿੱਚ ਸਥਾਨਕ ਭਾਈਚਾਰਿਆਂ ਦੀ ਸਹੀ ਚੋਣ ਕਰਨੀ ਬਹੁਤ ਮਹੱਤਵਪੂਰਨ ਹੈ ਜੋ ਕੋਵਿਡ-19 ਮਹਾਂਮਾਰੀ ਨੂੰ ਕੰਟਰੋਲ ਕਰਦੇ ਹਨ। ਸਥਾਨਕ ਭਾਈਚਾਰਿਆਂ ਦੇ ਆਗੂਆਂ ਦੀ ਪਛਾਣ ਕਰਨੀ ਅਤੇ ਉਨ੍ਹਾਂ ਨੂੰ ਵਿਵਸਥਿਤ ਰੂਪ ਨਾਲ ਆਪਣੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਔਰਤਾਂ ਨੂੰ ਲਾਮਬੰਦ ਕਰਨਾ ਵੀ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ ਕਿਉਂਕਿ ਉਹ ਵਿਵਹਾਰਕ ਅਤੇ ਭਾਈਚਾਰਿਆਂ ਨੂੰ ਸਿੱਖਿਅਤ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।
ਇਹ ਬਹੁਤ ਮਹੱਤਵਪੂਰਨ ਹੈ ਕਿ ਸਮਾਜ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੰਦਰਭ ਅਤੇ ਇਸ ਦਾ ਵਿਸ਼ਲੇਸ਼ਣ ਅਜਿਹੀਆਂ ਜਨਤਕ ਸਿਹਤ ਐਮਰਜੈਂਸੀਆਂ ਨਾਲ ਨਿਪਟਣ ਲਈ ਮਹਾਂਮਾਰੀ ਵਿਗਿਆਨ ਮੁਲਾਂਕਣਾਂ ਨਾਲ ਮਿਲ ਕੇ ਕੀਤਾ ਜਾਂਦਾ ਹੈ। ਆਪਣੀ ਸੰਸਕ੍ਰਿਤੀ, ਗਿਆਨ ਅਤੇ ਤਜ਼ਰਬਿਆਂ ਦੇ ਆਧਾਰ ’ਤੇ ਭਾਈਚਾਰਿਆਂ ਨਾਲ ਕੰਮ ਕਰਨਾ ਮਹੱਤਵਪੂਰਨ ਹੈ।
ਉਦਾਹਰਨ ਵਜੋਂ ਕੇਰਲ ਦੇ ਮਾਮਲੇ ਵਿੱਚ ਉਨ੍ਹਾਂ ਨੇ ਨਿਪਾਹ ਦੇ ਖਤਰੇ ਨੂੰ ਸਫਲਤਾਪੂਰਬਕ ਢੰਗ ਨਾਲ ਖਤਮ ਕੀਤਾ ਅਤੇ ਇਸ ਵਿੱਚ ਸਮਾਜਿਕ ਲਾਮਬੰਦੀ ਨੇ ਅਹਿਮ ਭੂਮਿਕਾ ਨਿਭਾਈ। ਚੰਗੀ ਤਰ੍ਹਾਂ ਸਥਾਪਿਤ ਪਿੰਡ ਆਧਾਰਿਤ ਪੰਚਾਇਤੀ ਪ੍ਰਣਾਲੀ, ਸ਼ਹਿਰੀ ਸਥਾਨਕ ਸਰਕਾਰਾਂ ਨੇ ਪਰਿਵਾਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਭੂਮਿਕਾ ਨਿਭਾਈ।
ਗੈਰ ਸਰਕਾਰੀ ਸੰਸਥਾਵਾਂ, ਰਾਇ ਬਣਾਉਣ ਵਾਲਿਆਂ, ਧਰਮ ਗੁਰੂਆਂ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ। ਪ੍ਰਕੋਪ ਨਾਲ ਨਜਿੱਠਣ ਦੇ ਇਸ ‘ਕੇਰਲ ਮਾਡਲ’ ਦੇ ਸਬਕ ਤੋਂ ਸਾਨੂੰ ਕੋਵਿਡ-19 ਨਾਲ ਨਿਪਟਣ ਵਿੱਚ ਜ਼ਰੂਰ ਮਦਦ ਮਿਲੇਗੀ। ਕਈ ਹੋਰ ਰਾਜ ਕੋਵਿਡ-19 ਨਾਲ ਨਜਿੱਠਣ ਲਈ ਪ੍ਰਬੰਧਨ ਦੇ ਕੇਰਲ ਮਾਡਲ ਨੂੰ ਅਪਣਾ ਰਹੇ ਹਨ।
ਸੰਚਾਰ : ਕੋਵਿਡ-19 ਵਰਗੀ ਮਹਾਂਮਾਰੀ ਨਾਲ ਨਿਪਟਣ ਲਈ ਪ੍ਰਕੋਪ ਅਤੇ ਖਤਰੇ ਬਾਰੇ ਪ੍ਰਭਾਵੀ ਸੰਚਾਰ ਬਹੁਤ ਮਹੱਤਵਪੂਰਨ ਹੈ। ਇਹ ਜ਼ਰੂਰੀ ਹੈ ਕਿ ਸੱਭਿਆਚਾਰਕ ਰੂਪ ਨਾਲ ਢੁਕਵੇਂ ਸੰਦੇਸ਼ ਖਤਰੇ ਨੂੰ ਘੱਟ ਕਰ ਸਕਦੇ ਹਨ ਅਤੇ ਪ੍ਰਭਾਵਿਤ ਵਿਅਕਤੀਆਂ, ਪਰਿਵਾਰਾਂ ਅਤੇ ਸਮਦਾਏ ਨੂੰ ਖਤਰੇ ਨਾਲ ਨਚਿੱਠਣ ਲਈ ਪ੍ਰੇਰਿਤ ਕਰ ਸਕਦੇ ਹਨ।