ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਵਲੋਂ ਢੁਕਵੇਂ ਬਚਾਅ ਕਦਮ ਚੁੱਕੇ ਜਾ ਰਹੇ ਹਨ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਜ਼ਰੂਰੀ ਵਸਤਾਂ ਅਤੇ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ, “ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਈ ਰੱਖਣ ਦੀ ਬਹੁਤ ਜਰੂਰਤ ਹੈ ਅਤੇ ਮੈਡੀਕਲ ਆਕਸੀਜਨ ਵੀ ਰਾਸ਼ਟਰੀ ਸੂਚੀ ਵਿੱਚ ਅਤੇ ਡਬਲਯੂਐਚਓ (WHO) 'ਚ ਆਉਣ ਵਾਲੀਆਂ ਜ਼ਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਹੈ।"
ਇਸ ਤੋਂ ਇਲਾਵਾ ਭੱਲਾ ਨੇ ਤਾਲਾਬੰਦੀ ਉਪਾਵਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀਆਂ ਛੋਟਾਂ ਨੂੰ ਵੀ ਦੁਹਰਾਇਆ ਹੈ। ਉਨ੍ਹਾਂ ਕਿਹਾ, "ਸਾਰੀਆਂ ਨਿਰਮਾਣ ਇਕਾਈਆਂ ਨੂੰ ਮੈਡੀਕਲ ਆਕਸੀਜਨ ਗੈਸ/ਤਰਲ, ਮੈਡੀਕਲ ਆਕਸੀਜਨ ਸਿਲੰਡਰ, ਤਰਲ ਆਕਸੀਜਨ, ਤਰਲ ਕ੍ਰਾਇਓਜੈਨਿਕ ਸਿਲੰਡਰ, ਤਰਲ ਆਕਸੀਜਨ ਕ੍ਰਾਇਓਜੈਨਿਕ, ਟ੍ਰਾਂਸਪੋਰਟ ਟੈਂਕ, ਏਂਬੀਐਂਟ ਭਾਪਾਂ ਅਤੇ ਕ੍ਰਾਇਓਜੈਨਿਕ ਵਾਲਵ, ਸਿਲੰਡਰ ਵਾਲਵ ਅਤੇ ਉਪਕਰਣਾਂ ਉੱਤੇ ਛੋਟ ਮਿਲੀ ਹੈ।"