ਕੋਲਕਾਤਾ: ਕੌਮਾਂਤਰੀ ਸਰਹੱਦ ‘ਤੇ ਫਲੈਗ ਮੀਟਿੰਗ ਦੌਰਾਨ ਬੰਗਲਾਦੇਸ਼ੀ ਫੌਜ ਤੇ ਬੀਐੱਸਐਫ ਵਿਚਕਾਰ ਹੋਈ ਗੋਲੀਬਾਰੀ ਵਿੱਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਜਦ ਕਿ ਇੱਕ ਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ।
ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੇ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਗਿਆ ਹੈ। ਬੀਐਸਐਫ ਦੇ ਮੁਖੀ ਵੀ.ਕੇ. ਜੌਹਰੀ ਨੇ ਬੀਜੀਬੀ ਦੇ ਮੇਜਰ ਜਨਰਲ ਸ਼ਫੀਨੁਲ ਇਸਲਾਮ ਨਾਲ ਹਾਟਲਾਈਨ 'ਤੇ ਗੱਲ ਕੀਤੀ।
ਬੀਐਸਐਫ ਮੁਖੀ ਨੇ ਕਿਹਾ ਕਿ ਬੀਜੀਬੀ ਦੇ ਡਾਇਰੈਕਟਰ ਜਨਰਲ ਨੇ ਇਸ ਘਟਨਾ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਮੁਖੀ ਮੁਤਾਬਕ ਦਹਾਕਿਆਂ ਤੋਂ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਬਹੁਤ ਸੁਖਾਵੇਂ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 9 ਵਜੇ ਦੇ ਕਰੀਬ ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਬੀਐਸਐਫ ਦੀ ਸਰਹੱਦੀ ਚੌਕੀ ਦੇ ਅਧੀਨ ਹੋਇਆ। ਸੂਤਰਾਂ ਮੁਤਾਬਕ ਇੱਕ ਬੀਜੀਬੀ ਜਵਾਨ ਦੀ ਪਛਾਣ ਸਈਦ ਵਜੋਂ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਬੀਜੀਬੀ ਦੇ ਜਵਾਨ ਨੇ ਆਪਣੀ ਏਕੇ 47 ਰਾਈਫਲ ਤੋਂ ਫਾਇਰ ਕੀਤੇ। ਇਹ ਗੋਲੀ ਬੀਐੱਸਐਫ ਦੇ ਹੈਡ ਕਾਂਸਟੇਬਲ ਵਿਜੇ ਭਾਨ ਸਿੰਘ ਦੇ ਸਿਰ ਤੇ ਲੱਗੀ ਜਿਸ ਨਾਲ ਜਵਾਨ ਮੌਕੇ ਤੇ ਹੀ ਸ਼ਹੀਦ ਹੋ ਗਿਆ, ਜਦਕਿ ਕਾਂਸਟੇਬਲ ਰਾਜਵੀਰ ਯਾਦਵ ਦੇ ਹੱਥ 'ਤੇ ਗੋਲੀ ਲੱਗੀ। ਘਟਨਾ ਦੇ ਮੱਦੇਨਜ਼ਰ ਬੀਐਸਐਫ ਵੱਲੋਂ ਭਾਰਤ-ਬੰਗਲਾ ਸਰਹੱਦ ਦੇ 4,096 ਕਿਲੋਮੀਟਰ ਦੇ ਘੇਰੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।