ਨਵੀਂ ਦਿੱਲੀ: ਆਰਮੀ ਚੀਫ਼ ਜਨਰਲ ਐਮਐਮ ਨਰਵਾਣੇ ਨਵੰਬਰ ਦੇ ਪਹਿਲੇ ਹਫ਼ਤੇ ਨੇਪਾਲ ਦਾ ਦੌਰਾ ਕਰਨਗੇ। ਮਈ ਵਿੱਚ ਨੇਪਾਲ ਦੁਆਰਾ ਇੱਕ ਨਵੇਂ ਰਾਜਨੀਤਿਕ ਨਕਸ਼ੇ ਦੇ ਜਾਰੀ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਤੋਂ ਬਾਅਦ ਇਹ ਭਾਰਤ ਤੋਂ ਇੱਕ ਉੱਚ ਪੱਧਰੀ ਵਿਅਕਤੀ ਦੀ ਨੇਪਾਲ ਦੀ ਪਹਿਲੀ ਯਾਤਰਾ ਹੈ। ਨੇਪਾਲ ਨੇ ਇਸ ਨਕਸ਼ੇ ਵਿੱਚ ਉਤਰਾਖੰਡ ਦੇ ਕਈ ਇਲਾਕਿਆਂ ਦਾ ਦਾਅਵਾ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨਰਵਾਣੇ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਨੇਪਾਲੀ ਫ਼ੌਜ ਜਨਰਲ ਦੇ ਸਮਾਨ ਦਾ ਸਨਮਾਨ ਦੇਣਗੇ। ਇਹ ਪਰੰਪਰਾ 1950 ਵਿੱਚ ਸ਼ੁਰੂ ਹੋਈ ਸੀ, ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੀ ਹੈ। ਇਸ ਪਰੰਪਰਾ ਦੇ ਤਹਿਤ ਭਾਰਤ ਨੇਪਾਲੀ ਫ਼ੌਜ ਦੇ ਮੁਖੀ ਨੂੰ ਭਾਰਤੀ ਸੈਨਾ ਦੇ ਜਨਰਲ ਦਾ ਆਨਰੇਰੀ ਆਹੁੰਦਾ ਵੀ ਦਿੰਦਾ ਹੈ। ਦੌਰੇ ਦੇ ਸਬੰਧ ਵਿੱਚ ਇੱਕ ਅਧਿਕਾਰੀ ਨੇ ਕਿਹਾ ਕਿ ਸੈਨਾ ਮੁਖੀ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਨੇਪਾਲ ਦਾ ਦੌਰਾ ਕਰਨਗੇ। ਉਸ ਦੀ ਯਾਤਰਾ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਅਰਸੇ ਦੌਰਾਨ ਜਨਰਲ ਨਰਵਾਣੇ ਆਪਣੇ ਨੇਪਾਲੀ ਹਮਰੁਤਬਾ ਜਨਰਲ ਪੂਰਨ ਚੰਦਰ ਥਾਪਾ ਅਤੇ ਨੇਪਾਲੀ ਰੱਖਿਆ ਮੰਤਰੀ ਈਸ਼ਵਰ ਪੋਖਰਲ ਸਮੇਤ ਚੋਟੀ ਦੇ ਫ਼ੌਜੀ ਅਧਿਕਾਰੀਆਂ ਨਾਲ ਡੂੰਘਾਈ ਨਾਲ ਵਿਚਾਰ ਵਟਾਂਦਰੇ ਕਰਨਗੇ। ਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਵਿਚਾਰ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਵਿੱਚ ਤਣਾਅ ਉਦੋਂ ਪੈਦਾ ਹੋਇਆ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਮਈ ਨੂੰ ਉਤਰਾਖੰਡ ਵਿੱਚ ਲਿਪੁਲੇਖ ਰਾਹ ਨੂੰ ਜੋੜਨ ਵਾਲੀ ਰਣਨੀਤਕ ਮਹੱਤਵਪੂਰਨ 80 ਕਿੱਲੋਮੀਟਰ ਸੜਕ ਦਾ ਉਦਘਾਟਨ ਕੀਤਾ।
ਨੇਪਾਲ ਨੇ ਸੜਕ ਦੇ ਉਦਘਾਟਨ ਦਾ ਵਿਰੋਧ ਕਰਦਿਆਂ ਇਸ ਖੇਤਰ ਉੱਤੇ ਆਪਣਾ ਦਾਅਵਾ ਕੀਤਾ ਸੀ। ਕੁੱਝ ਦਿਨਾਂ ਬਾਅਦ, ਨੇਪਾਲ ਨੇ ਇੱਕ ਨਵਾਂ ਰਾਜਨੀਤਿਕ ਨਕਸ਼ਾ ਜਾਰੀ ਕੀਤਾ ਜਿਸ ਵਿੱਚ ਲਿਪੁਲੇਖ, ਕਾਲਾਪਾਨੀ ਅਤੇ ਲਿਮਪੀਯਾਧੁਰਾ ਨੂੰ ਆਪਣਾ ਖੇਤਰ ਦਰਸਾਇਆ ਗਿਆ ਸੀ। ਵਿਵਾਦ ਦੇ ਵਿਚਕਾਰ, ਜਨਰਲ ਨਰਵਾਣੇ ਨੇ ਚੀਨ ਵੱਲ ਇਸ਼ਾਰਾ ਕੀਤਾ ਸੀ ਅਤੇ ਕਿਹਾ ਸੀ ਕਿ ਇੱਥੇ ਵਿਸ਼ਵਾਸ ਕਰਨ ਦੇ ਕਾਰਨ ਸਨ ਕਿ ਨੇਪਾਲ ਨੇ ਕਿਸੇ ਹੋਰ ਦੇ ਇਸ਼ਾਰੇ 'ਤੇ ਸੜਕ ਦੇ ਉਦਘਾਟਨ ਦਾ ਵਿਰੋਧ ਕੀਤਾ ਸੀ। ਨੇਪਾਲ ਨੇ ਇਸ ‘ਤੇ ਤਿੱਖੀ ਪ੍ਰਤੀਕ੍ਰਿਆ ਜਾਹਰ ਕੀਤੀ ਸੀ।