ਸ੍ਰੀਨਗਰ: ਜੰਮੂ-ਕਸ਼ਮੀਰ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਦਰਮਿਆਨ ਕਸ਼ਮੀਰ ਦੇ ਹਾਲਾਤਾਂ 'ਤੇ ਚਰਚਾ ਕਰਨ ਲਈ ਐਤਵਾਰ ਨੂੰ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੇ ਘਰ ਸਿਆਸੀ ਦਲਾਂ ਦੀ ਬੈਠਕ ਬੁਲਾਈ ਗਈ।
ਮੀਟਿੰਗ ਤੋਂ ਬਾਅਦ ਫਾਰੂਕ ਅਬਦੁੱਲਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪਹਿਲਾਂ ਕਦੇ ਵੀ ਅਮਰਨਾਥ ਯਾਤਰਾ ਰੱਦ ਨਹੀਂ ਕੀਤੀ ਗਈ। ਕਸ਼ਮੀਰ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਫ਼ੌਜ ਦੀ ਤੈਨਾਤੀ ਦੇ ਨਾਲ ਘਾਟੀ ਦੇ ਲੋਕ ਕਾਫ਼ੀ ਸਹਿਮੇ ਹੋਏ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਨਾ ਖੋਣ ਦੀ ਮੰਗ ਕੀਤੀ। ਅਬਦੁੱਲਾ ਨੇ ਕਿਹਾ ਕਿ ਮੈਂ ਹਿੰਦੁਸਤਾਨ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਕਿ ਕੋਈ ਵੀ ਅਜਿਹਾ ਕਦਮ ਨਾ ਚੁੱਕਿਆ ਜਾਵੇ ਜਿਸ ਨਾਲ ਤਨਾਅ ਪੈਦਾ ਹੋਵੇ। ਉੱਥੇ ਹੀ ਪੀਡੀਪੀ ਦੇ ਰਾਜਸਭਾ ਮੈਂਬਰ ਨਜ਼ੀਰ ਅਹਿਮਦ ਨੇ ਰਾਜਸਭਾ ਮੈਂਬਰਾਂ ਨੂੰ ਇੱਕ ਪੱਤਰ ਜਾਰੀ ਕਰ ਸੰਸਦ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਣ ਦੀ ਮੰਗ ਕੀਤੀ।
ਇਸ ਮੀਟਿੰਗ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੀ ਮੌਜੂਦ ਰਹੀ। ਮਹਿਬੂਬਾ ਮੁਫਤੀ ਨੇ ਕਿਹਾ ਕਿ ਸਾਨੂੰ ਕੋਈ ਨਹੀਂ ਦੱਸ ਰਿਹਾ ਕਿ ਕਸ਼ਮੀਰ 'ਚ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਿਆਸੀ ਪਾਰਟੀਆਂ ਅਤੇ ਲੋਕਾਂ ਨੂੰ ਮਿਲ ਕੇ ਹਲਾਤਾਂ ਦਾ ਮੁਕਾਬਲਾ ਕਰਨਾ ਪੈਣਾ ਹੈ। ਇਸ ਦੇ ਨਾਲ ਹੀ ਮਹਬੂਬਾ ਮੁਫਤੀ ਨੇ ਕੇਂਦਰ ਸਰਕਾਰ 'ਤੇ ਵਾਰ ਕਰਦੇ ਹੋਏ ਕਿਹਾ ਕਿ ਯਾਤਰੀਆਂ, ਵਿਦਿਆਰਥੀਆਂ ਅਤੇ ਕ੍ਰਿਕਟਰਾਂ ਨੂੰ ਕਸ਼ਮੀਰ ਛੱਡਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਨੂੰ ਰਾਹਤ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ, ਕਿੱਥੇ ਗਈ ਇਨਸਾਨੀਅਤ, ਕਸ਼ਮੀਰੀਅਤ ਅਤੇ ਜਮਹੂਰੀਅਤ?
ਜੰਮੂ ਕਸ਼ਮੀਰ ਦੇ ਹਾਲਾਤਾਂ ਸਬੰਧੀ ਸੋਮਵਾਰ ਨੂੰ ਮੋਦੀ ਕੈਬਨਿਟ ਦੀ ਬੈਠਕ ਹੋਵੇਗੀ। ਸੂਤਰਾਂ ਮੁਤਾਬਿਕ ਕੇਂਦਰ ਸਰਕਾਰ ਇਸ ਬੈਠਕ 'ਚ ਕਈ ਵੱਡੇ ਫ਼ੈਸਲੇ ਲੈ ਸਕਦੀ ਹੈ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਜੰਮੂ-ਕਸ਼ਮੀਰ 'ਚ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਤੋਂ ਬਾਅਦ ਹੀ ਸਰਗਰਮੀਆਂ ਤੇਜ਼ ਹਨ।
ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫਤੀ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਸੂਬੇ ਨੂੰ ਮਿਲੇ ਵਿਸ਼ੇਸ਼ ਦਰਜੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਇਸ ਤੋਂ ਪਹਿਲਾ ਮਹਿਬੂਬਾ ਮੁਫਤੀ ਨੇ ਸੂਬੇ ਦੇ ਰਾਜਪਾਲ ਸੱਤਪਾਲ ਮਲਿਕ ਦੇ ਨਾਲ ਵੀ ਮੁਲਾਕਾਤ ਕੀਤੀ ਸੀ।