ਨਵੀਂ ਦਿੱਲੀ: ਏਅਰ ਇੰਡੀਆ ਦਾ ਜਹਾਜ਼ ਕੇਰਲ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ ਵਿੱਚ 180 ਯਾਤਰੀ ਸਵਾਰ ਸਨ। ਹੁਣ ਤੱਕ ਇਸ ਹਾਦਸੇ ਕਾਰਨ 2 ਪਾਇਲਟਾਂ ਸਣੇ 19 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 120 ਤੋਂ ਵੱਧ ਲੋਕ ਜ਼ਖਮੀਂ ਹੋ ਗਏ ਹਨ।
ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਕਿਹਾ ਕਿ ਕੇਰਲਾ ਦੇ ਕੋਜ਼ੀਕੋਡ ਵਿੱਚ ਹੋਏ ਹਵਾਈ ਹਾਦਸੇ ਦੀ ਦੁਰਘਾਟਨਾ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਕੇਰਲ ਦੇ ਰਾਜਪਾਲ ਸ਼੍ਰੀ ਅਰਿਫ ਖਾਨ ਨਾਲ ਗੱਲ ਕਰਕੇ ਸਥਿਤੀ ਦੀ ਜਾਣਕਾਰੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਦੋਸਤਾਂ ਅਤੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ। ਜ਼ਖਮੀਆਂ ਦੇ ਸਿਹਤਮੰਦ ਹੋਣ ਦੀ ਪ੍ਰਾਥਨਾ ਕਰਦਾ ਹਾਂ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕੋਜ਼ੀਕੋਡ ਵਿੱਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਮੇਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਇਸ ਹਾਦਸੇ ਵਿੱਚ ਗੁਆ ਦਿੱਤਾ ਹੈ। ਉਨ੍ਹਾਂ ਨੇ ਜ਼ਖਮੀਆਂ ਦੀ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਕੋਜ਼ੀਕੋਡ ਵਿੱਚ ਹੋਏ ਹਵਾਈ ਹਾਦਸੇ 'ਤੇ ਉਹ ਬਹੁਤ ਦੁੱਖੀ ਹਨ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਮੌਕੇ ‘ਤੇ ਪਹੁੰਚਣ ਅਤੇ ਬਚਾਅ ਕਾਰਜ ਵਿੱਚ ਸਹਾਇਤਾ ਕਰਨ।
ਉੱਥੇ ਹੀ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ। ਕੈਪਟਨ ਨੇ ਟਵੀਟ ਵਿੱਚ ਕਿਹਾ ਕਿ ਕੇਰਲਾ ਦੇ ਕੋਜ਼ੀਕੋਡ ਤੋਂ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ, ਜਿੱਥੇ ਏਅਰ ਇੰਡੀਆ ਦਾ ਜਹਾਜ਼ ਰਨਵੇ 'ਤੇ ਹਾਦਸਾਗ੍ਰਸਤ ਹੋ ਗਿਆ ਹੈ। ਬਚਾਅ ਕਾਰਜ ਜਾਰੀ ਹੈ ਅਤੇ ਯਾਤਰੀਆਂ ਅਤੇ ਅਮਲੇ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਹਾਂ।
ਕੇਰਲ ਦੇ ਵਾਇਨਾਡ ਤੋਂ ਸੰਸਦ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਕੋਜ਼ੀਕੋਡ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਵਿਨਾਸ਼ਕਾਰੀ ਖ਼ਬਰ ਤੋਂ ਹੈਰਾਨ ਹਾਂ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਦੋਸਤਾਂ ਅਤੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ। ਜ਼ਖਮੀਆਂ ਦੇ ਸਿਹਤਮੰਦ ਹੋਣ ਦੀ ਪ੍ਰਾਥਨਾ ਕਰਦਾ ਹਾਂ।
ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਟਵੀਟ ਕਰਕੇ ਇਸ ਹਾਦਸੇ ਪ੍ਰਤੀ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੇਰਲਾ ਰਾਜ ਵਿੱਚ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਮਾਸੂਮ ਲੋਕਾਂ ਦੀ ਜਾਨ ਚਲੀ ਗਈ। ਅੱਲ੍ਹਾ ਦੁੱਖੀ ਪਰਿਵਾਰਾਂ ਨੂੰ ਉਨ੍ਹਾਂ ਦੀ ਮੁਸ਼ਕਲ ਘੜੀ ਵਿੱਚ ਬਲ ਬਖਸ਼ਣ।
ਦੱਸ ਦੇਈਏ ਕਿ ਭਿਆਨਕ ਹਾਦਸੇ ਵਿੱਚ ਦੋਵੇਂ ਪਾਇਲਟਾਂ ਦੀ ਵੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਜਹਾਜ਼ ਲੈਂਡਿੰਗ ਕਰਦੇ ਸਮੇਂ ਰਨਵੇ ਤੋਂ ਤਿਲਕ ਗਿਆ। ਇਹ ਹਾਦਸਾ ਕੋਜ਼ੀਕੋਡ ਦੇ ਕਰੀਪੁਰ ਏਅਰਪੋਰਟ 'ਤੇ ਵਾਪਰਿਆ। ਇਹ ਜਹਾਜ਼ ਦੁਬਈ ਤੋਂ ਆ ਰਿਹਾ ਸੀ। ਇਸ ਦਾ ਨੰਬਰ (IX-1344)ਸੀ।