ਨਵੀਂ ਦਿੱਲੀ: ਏਅਰ ਇੰਡੀਆ ਐਕਸਪ੍ਰੈਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਕੋਜ਼ੀਕੋਡ 'ਚ ਹੋਏ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਅੰਤਰਿਮ ਮੁਆਵਜ਼ਾ ਦੇਵੇਗੀ।
ਇਸ ਦੇ ਤਹਿਤ ਏਅਰਲਾਈਨ ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਅਤੇ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ ਅੰਤਰਿਮ ਮੁਆਵਜ਼ਾ ਦੇਵੇਗੀ। ਇਸ ਹਾਦਸੇ ਵਿੱਚ 2 ਪਾਇਲਟਾਂ ਸਣੇ 18 ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋ ਗਏ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਅਰਲਾਈਨ ਬੀਮਾ ਸੁਰੱਖਿਆ ਤਹਿਤ ਸੁਰੱਖਿਅਤ ਹੈ ਅਤੇ ਕਾਨੂੰਨ ਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ। ਤੁਰੰਤ ਰਾਹਤ ਪ੍ਰਦਾਨ ਕਰਨ ਲਈ ਅੰਤਰਿਮ ਮੁਆਵਜ਼ੇ ਵਜੋਂ ਏਅਰਲਾਈਨ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮ੍ਰਿਤਕ ਯਾਤਰੀਆਂ ਦੇ ਰਿਸ਼ਤੇਦਾਰਾਂ ਨੂੰ 10 ਲੱਖ ਰੁਪਏ, 12 ਸਾਲ ਤੋਂ ਘੱਟ ਉਮਰ ਦੇ ਮ੍ਰਿਤਕਾਂ ਦੇ ਰਿਸ਼ਤੇਦਾਰ ਨੂੰ 5 ਲੱਖ ਰੁਪਏ ਅਤੇ ਗੰਭੀਰ ਜ਼ਖਮੀ ਯਾਤਰੀਆਂ ਨੂੰ 2 ਲੱਖ ਰੁਪਏ ਦੇਵੇਗੀ।
ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਯਾਤਰੀ ਸੂਚਨਾ ਕੇਂਦਰ ਸਥਾਪਤ ਕੀਤਾ ਹੈ ਅਤੇ ਯਾਤਰੀਆਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਦੋਸਤਾਂ ਲਈ ਇੱਕ ਟੋਲ-ਫ੍ਰੀ ਨੰਬਰ ਵੀ ਉਪਲਬਧ ਕਰਾਇਆ ਗਿਆ ਹੈ। ਟੋਲ ਫ੍ਰੀ ਨੰਬਰ 1800222271 ਹੈ। ਜੋ ਲੋਕ ਇਸ ਨੰਬਰ 'ਤੇ ਵਿਦੇਸ਼ ਤੋਂ ਕਾਲ ਕਰਦੇ ਹਨ ਉਨ੍ਹਾਂ ਨੂੰ ਅੰਤਰਰਾਸ਼ਟਰੀ ਕੋਡ ਦੀ ਵਰਤੋਂ ਕਰਨੀ ਪਏਗੀ।
ਬਿਆਨ ਦੇ ਅਨੁਸਾਰ ਏਅਰ ਇੰਡੀਆ ਐਕਸਪ੍ਰੈਸ ਦੇ ਨਾਲ ਏਅਰ ਇੰਡੀਆ ਦੇ ਐਮਰਜੈਂਸੀ ਟੀਮ ਦੇ ਮੈਂਬਰ ਪਹਿਲਾਂ ਹੀ ਹਾਦਸੇ ਵਾਲੀ ਜਗ੍ਹਾ 'ਤੇ ਭੇਜ ਦਿੱਤੇ ਗਏ ਹਨ।