ਨਵੀਂ ਦਿੱਲੀ: ਦੇਸ਼ ਭਰ ਵਿੱਚ ਲੌਕਡਾਊਨ ਕਾਰਨ 14 ਅਪ੍ਰੈਲ ਤੱਕ ਘਰੇਲੂ ਅਤੇ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। 15 ਅਪ੍ਰੈਲ ਨੂੰ ਇਹ ਲੌਕਡਾਊਨ ਖੁੱਲ੍ਹ ਰਿਹਾ ਹੈ। ਇਸੇ ਵਿਚਕਾਰ ਏਅਰ ਏਸ਼ੀਆ ਇੰਡੀਆ ਨੇ ਸਨਿੱਚਰਵਾਰ ਨੂੰ ਕਿਹਾ ਕਿ ਉਹ ਫਲਾਈਟਾਂ ਲਈ ਬੁਕਿੰਗ 15 ਅਪ੍ਰੈਲ ਤੋਂ ਖੋਲ੍ਹਣ ਜਾ ਰਹੀ ਹੈ।
ਹਾਲਾਂਕਿ ਏਅਰਲਾਈਨਜ਼ ਵੱਲੋਂ ਇਹ ਵੀ ਕਿਹਾ ਹੈ ਕਿ ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਵੱਲੋਂ ਜੇਕਰ ਕੋਈ ਨਵਾਂ ਹੁਕਮ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਵਿਚ ਤੁਰੰਤ ਬਦਲਾਅ ਵੀ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਸ਼ੁੱਕਰਵਾਰ ਨੂੰ ਏਅਰ ਇੰਡੀਆ ਨੇ ਕਿਹਾ ਕਿ ਉਸ ਨੇ 30 ਅਪ੍ਰੈਲ ਤੱਕ ਬੁਕਿੰਗ ਰੋਕ ਦਿੱਤੀ ਹੈ ਅਤੇ ਇਸ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ ਕਿ ਦੇਸ਼ ਵਿੱਚ ਸਥਿਤੀ ਕਦ ਠੀਕ ਹੋਵੇਗੀ। ਇੰਡੀਗੋ, ਸਪਾਈਸ ਜੈੱਟ ਤੇ ਗੋਏਅਰ ਨੇ ਵੀ ਕਿਹਾ ਹੈ ਕਿ ਉਹ 15 ਅਪ੍ਰੈਲ ਤੋਂ ਘਰੇਲੂ ਉਡਾਣਾਂ ਲਈ ਬੁਕਿੰਗ ਲੈ ਰਹੇ ਹਨ। ਸਪਾਈਸ ਜੈੱਟ ਅਤੇ ਗੋਏਅਰ ਨੇ 1 ਮਈ ਤੋਂ ਕੌਮਾਂਤਰੀ ਉਡਾਣਾਂ ਲਈ ਵੀ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਬੀਤੇ ਵੀਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਸੀ ਕਿ ਏਅਰਲਾਈਨਜ਼ 14 ਅਪ੍ਰੈਲ ਤੋਂ ਬਾਅਦ ਕਿਸੇ ਵੀ ਤਰੀਕ ਲਈ ਟਿਕਟ ਬੁਕਿੰਗ ਲੈਣ ਲਈ ਸੁਤੰਤਰ ਹਨ ਪਰ ਜੇਕਰ ਕੋਈ ਤਬਦੀਲੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਹ ਰੱਦ ਕਰਨੀ ਪਵੇਗੀ।