ਨਵੀਂ ਦਿੱਲੀ: ਲੌਕਡਾਊਨ ਦੇ ਪੰਜਵੇਂ ਪੜਾਅ ਦੇ ਸ਼ੁਰੂ ਹੋਣ ਦੇ ਨਾਲ ਭਾਰਤੀ ਰੇਲਵੇ 1 ਜੂਨ ਤੋਂ 200 ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰੇਗਾ। ਪਹਿਲੇ ਦਿਨ ਸੋਮਵਾਰ ਨੂੰ 1.45 ਲੱਖ ਤੋਂ ਜ਼ਿਆਦਾ ਯਾਤਰੀ ਸਫ਼ਰ ਕਰਨਗੇ।
ਰੇਲਵੇ ਨੇ ਕਿਹਾ ਕਿ ਲਗਭਗ 26 ਲੱਖ ਯਾਤਰੀਆਂ ਨੇ 30 ਜੂਨ ਤੱਕ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਯਾਤਰਾ ਲਈ ਬੁਕਿੰਗ ਕਰਵਾ ਲਈ ਹੈ। ਯਾਤਰੀਆਂ ਲਈ ਕੁੱਝ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਯਾਤਰਾ ਲਈ ਵੱਧ ਤੋਂ ਵੱਧ 30 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਜਾ ਸਕਦੀ ਹੈ।
ਯਾਤਰੀਆਂ ਨੂੰ ਰੇਲ ਗੱਡੀ ਦੀ ਰਵਾਨਗੀ ਤੋਂ 90 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਲਾਜ਼ਮੀ ਹੈ।
ਜਿਨ੍ਹਾਂ ਲੋਕਾਂ ਕੋਲ ਕਨਫਰਮ/ਆਰਏਸੀ ਟਿਕਟਾਂ ਹਨ, ਉਨ੍ਹਾਂ ਨੂੰ ਸਟੇਸ਼ਨ ਦੇ ਅੰਦਰ ਜਾਣ ਅਤੇ ਰੇਲ ਗੱਡੀਆਂ ਵਿਚ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸਦੇ ਲਈ ਆਨਲਾਈਨ ਟਿਕਟ ਬੁਕਿੰਗ ਆਈਆਰਸੀਟੀਸੀ ਦੇ ਮੋਬਾਈਲ ਐਪ ਜਾਂ ਵੈਬਸਾਈਟ ਦੁਆਰਾ ਕੀਤੀ ਜਾ ਸਕਦੀ ਹੈ। ਟਿਕਟ ਰੇਲਵੇ ਸਟੇਸ਼ਨ ਦੇ ਕਾਊਂਟਰ ਤੇ ਨਹੀਂ ਮਿਲੇਗੀ। ਤਤਕਾਲ ਟਿਕਟ ਬੁਕਿੰਗ ਸੰਭਵ ਨਹੀਂ ਹੋਵੇਗੀ।
ਆਮ ਰੇਲ ਗੱਡੀਆਂ ਦੀ ਤਰ੍ਹਾਂ ਸਾਰੇ ਕੋਟਾ ਪਹਿਲਾਂ ਦੀ ਤਰ੍ਹਾਂ ਟਿਕਟ ਬੁਕਿੰਗ ਤੇ ਲਾਗੂ ਰਹਿਣਗੇ।
ਯਾਤਰੀਆਂ ਨੂੰ ਸਿਹਤ ਜਾਂਚ ਕਰਵਾਉਣੀ ਲਾਜ਼ਮੀ ਹੋਵੇਗੀ, ਸਿਰਫ ਬਿਨਾਂ ਲੱਛਣ ਵਾਲੇ ਯਾਤਰੀਆਂ ਨੂੰ ਹੀ ਰੇਲ ਗੱਡੀ ਵਿੱਚ ਦਾਖ਼ਲ ਹੋਣ ਜਾਂ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਯਾਤਰਾ ਦੌਰਾਨ ਯਾਤਰੀਆਂ ਨੂੰ ਕੰਬਲ ਆਦਿ ਨਹੀਂ ਦਿੱਤੇ ਜਾਣਗੇ।
ਰੇਲਵੇ ਸਟੇਸ਼ਨਾਂ 'ਤੇ ਕਿਤਾਬਾਂ ਦੀਆਂ ਸਟਾਲਾਂ ਅਤੇ ਦਵਾਈ ਦੀਆਂ ਸਟਾਲਾਂ ਵਰਗੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਸਟੇਸ਼ਨਾਂ ਵਿੱਚ ਬਣੇ ਰੈਸਟੋਰੈਂਟਾਂ ਵਿੱਚ ਯਾਤਰੀਆਂ ਨੂੰ ਬੈਠ ਕੇ ਭੋਜਨ ਨਹੀਂ ਮਿਲੇਗਾ, ਯਾਤਰੀ ਖਾਣਾ ਪੈਕ ਕਰਵਾ ਕੇ ਲਿਜਾ ਸਕਦੇ ਹਨ।