ਨਵੀਂ ਦਿੱਲੀ: ਬਾਬਾ ਹਰਿਦਾਸ ਨਗਰ ਇਲਾਕੇ 'ਚ ਕਾਰ ਸਣੇ 2 ਪੰਜਾਬੀਆਂ ਨੂੰ ਅਗਵਾ ਕਰਕੇ ਸਨਸਨੀਖੇਜ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਬਦਮਾਸ਼ਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਖੁਲਾਸਾ ਕੀਤਾ ਕਿ ਗਿਰੋਹ ਦਾ ਆਗੂ ਇੱਕ ਐਨਆਰਆਈ ਹੈ, ਜੋ ਲੌਕਡਾਊਨ ਦੌਰਾਨ ਕਤਰ ਤੋਂ ਵਾਪਿਸ ਆਇਆ ਸੀ। ਜਾਣਕਾਰੀ ਮੁਤਾਬਕ ਇਹ ਗਿਰੋਹ ਆਪਣੇ ਨਾਲ ਵਾਕੀ ਟਾਕੀ ਲੈ ਕੇ ਚੱਲਦਾ ਸੀ ਜਿਸ ਨਾਲ ਲੋਕਾਂ ਨੂੰ ਲੱਗੇ ਕਿ ਉਹ ਪੁਲਿਸ ਅਫ਼ਸਰ ਹਨ।
ਦਿੱਲੀ 'ਚ 2 ਪੰਜਾਬੀਆਂ ਨੂੰ ਕਾਰ ਸਣੇ ਕੀਤਾ ਅਗਵਾ, 3 ਬਦਮਾਸ਼ ਕਾਬੂ - ਐਨਆਰਆਈ
ਨਵੀਂ ਦਿੱਲੀ 'ਚ ਕਾਰ ਸਣੇ 2 ਪੰਜਾਬੀਆਂ ਨੂੰ ਅਗਵਾ ਕਰਨ ਵਾਲੇ 3 ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਕੋਲੋ ਪੁਲਿਸ ਨੇ ਲੁੱਟ ਦੀ ਗੱਡੀ ਦੇ ਨਾਲ ਨਾਲ ਵਾਰਦਾਤ 'ਚ ਇਸਤੇਮਾਲ ਕੀਤੀ ਗੱਡੀ ਤੇ ਹੋਰ ਸਮਾਨ ਬਰਾਮਦ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਸੀਪੀ ਦੁਆਰਕਾ ਐਂਟੋ ਅਲਫੋਂਸ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੀ ਯੋਜਨਾ ਦਿੱਲੀ ਤੋਂ ਬਾਹਰ ਦੇ ਨੰਬਰ ਪਲੇਟ ਦੀ ਗੱਡੀ ਨੂੰ ਲੁੱਟਣਾ ਸੀ। ਇਸ ਲਈ ਉਨ੍ਹਾਂ ਨੇ ਪੰਜਾਬ ਨੰਬਰ ਪਲੇਟ ਦੀ ਗੱਡੀ ਨੂੰ ਆਪਣਾ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਜਾ ਰਹੇ 2 ਲੋਕਾਂ ਨੂੰ ਉਨ੍ਹਾਂ ਪਹਿਲਾ ਓਵਰਟੇਕ ਕਰ ਗੱਡੀ ਸਣੇ ਅਗਵਾ ਕਰ ਲਿਆ ਤੇ ਫਿਰ ਇਹ ਜ਼ਾਹਿਰ ਕੀਤਾ ਕਿ ਉਹ ਪੁਲਿਸ ਸਟਾਫ਼ ਹੈ। ਲੁੱਟਪਾਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਦੋਵੇ ਪੀੜਤ ਪੰਜਾਬੀਆਂ ਨੂੰ ਆਉਟਰ ਦਿੱਲੀ ਦੇ ਬਾਰਡਰ ਦੇ ਕੋਲ ਛੱਡ ਕੇ ਫਰਾਰ ਹੋ ਗਏ।
ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਕਈ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ 3 ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋ ਲੁੱਟ ਦੀ ਗੱਡੀ ਦੇ ਨਾਲ ਨਾਲ ਵਾਰਦਾਤ 'ਚ ਇਸਤੇਮਾਲ ਕੀਤੀ ਗੱਡੀ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।