ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛੀਲ ਸੈਕਟਰ 'ਚ ਕੰਟਰੋਲ ਲਾਈਨ (ਐਲਓਸੀ) 'ਤੇ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਇਸ ਦੌਰਾਨ ਫੌਜ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ।
ਫੌਜ ਨੇ ਇਹ ਜਾਣਕਾਰੀ ਐਤਵਾਰ ਨੂੰ ਸਾਂਝੀ ਕੀਤੀ ਹੈ। ਸ੍ਰੀਨਗਰ- ਹੈਡਕੁਆਟਰ 15 ਕੋਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ ਕਿ 7 ਅਤੇ 8 ਨਵੰਬਰ ਦੀ ਰਾਤ ਨੂੰ ਮਾਛੀਲ ਸੈਕਟਰ 'ਚ ਕੰਟਰੋਲ ਲਾਈਨ 'ਤੇ ਵਾੜ ਨੇੜੇ ਸ਼ੱਕੀ ਹਰਕਤ ਵੇਖੀ ਗਈ।
ਫੌਜ ਨੇ ਆਪਣੇ ਬਿਆਨ 'ਚ ਕਿਹਾ, "ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੇ ਫੌਜ 'ਤੇ ਗੋਲਾਬਾਰੀ ਕਰ ਦਿੱਤੀ। ਫੌਜ ਦੀ ਜਵਾਬੀ ਕਾਰਵਾਈ ਦੌਰਾਨ ਇਨ੍ਹਾਂ ਚੋਂ ਇੱਕ ਅੱਤਵਾਦੀ ਮਾਰਿਆ ਗਿਆ। ਉਸ ਕੋਲੋਂ ਇੱਕ AK-47, ਅਸਾਲਟ ਰਾਈਫਲ ਸਣੇ ਦੋ ਬੈਗ ਬਰਾਮਦ ਕੀਤੇ ਗਏ ਹਨ। ਫਿਲਹਾਲ ਸਰਚ ਅਭਿਆਨ ਜਾਰੀ ਹੈ।
ਖੁਫੀਆ ਅਤੇ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ। ਘਾਟੀ ਦੇ ਪਾਰ ਜਾਣ ਦੀਆਂ ਸੰਭਾਵਨਾਵਾਂ ਘੱਟਣ ਤੋਂ ਪਹਿਲਾਂ ਅੱਤਵਾਦੀਆਂ ਵੱਲੋਂ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਵੱਧ ਗਈਆਂ ਹਨ।