ਚੰਡੀਗੜ੍ਹ :ਚੰਡੀਗੜ੍ਹ ਸ਼ਹਿਰ ਨੂੰ ਸਿਟੀਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸੇ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਦ ਲਗਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦਾ ਦੌਰਾ ਕਰ ਵੱਖ-ਵੱਖ 9 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।ਅਮਿਤ ਸ਼ਾਹ ਆਪਣੇ ਦੌਰੇ ਦੌਰਾਨ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਕਲਪਨਾ ਨਾਲ ਵਸਾਇਆ ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 9 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। 30 ਕਰੋੜ ਦੀ ਲਾਗਤ ਦੇ 3 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਛੋਟੇ ਸੀ ਤਾਂ ਸੁਣਦੇ ਸੀ ਕਿ ਚੰਡੀਗੜ੍ਹ ਇੱਕ ਕੰਪਲੀਟ ਸ਼ਹਿਰ ਹੈ। ਆਧੁਨਿਕ ਸ਼ਹਿਰ ਦੀ ਕਲਪਨਾ ਦੇ ਨਾਲ ਇਸ ਨੂੰ ਵਸਾਇਆ ਗਿਆ ਹੈ।
ਸੈਂਟਰ ਫਾੱਰ ਸਾਈਬਰ ਸੰਚਾਲਨ ਅਤੇ ਸੁਰੱਖਿਆ ਕੇਂਦਰ ਦਾ ਉਦਘਾਟਨ: ਕੇਂਦਰੀ ਮੰਤਰੀ ਅਮਿਤ ਸ਼ਾਹ 88 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੇਸ਼ ਦੇ ਪਹਿਲੇ ਸਾਈਬਰ ਆਪ੍ਰੇਸ਼ਨ ਅਤੇ ਸੁਰੱਖਿਆ ਕੇਂਦਰ ਦਾ ਉਦਘਾਟਨ ਵੀ ਕੀਤਾ। ਇਸ ਦੇ ਜ਼ਰੀਏ ਸਾਈਬਰ ਕਰਾਈਮ 'ਤੇ ਨਜ਼ਰ ਰੱਖੀ ਜਾਵੇਗੀ। ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਰਗੇ ਰਾਜਾਂ ਨਾਲ ਸਬੰਧਤ ਸਾਈਬਰ ਅਪਰਾਧਾਂ ਦਾ ਭੇਤ ਸੁਲਝ ਜਾਵੇਗਾ। ਇਹ ਕੇਂਦਰ ਆਧੁਨਿਕ ਉਪਕਰਨਾਂ ਨਾਲ ਲੈਸ ਹੈ। ਚਿਹਰੇ ਦੀ ਪਛਾਣ, ਡਾਟਾ ਵਿਸ਼ਲੇਸ਼ਣ, ਫੋਰੈਂਸਿਕ ਜਾਂਚ ਅਤੇ ਸਬੂਤ ਇਕੱਠੇ ਕਰਨ ਲਈ ਆਈਟੀ ਮਾਹਿਰਾਂ ਨੂੰ ਤਾਇਨਾਤ ਕੀਤਾ ਜਾਵੇਗਾ। ਸਾਈਬਰ ਸੈਂਟਰ ਦੀ ਕਮਾਨ ਡੀਆਰਡੀਓ ਯਾਨੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਹੱਥਾਂ ਵਿੱਚ ਹੋਵੇਗੀ। ਡੀਆਰਡੀਓ ਟੀਮ ਵੱਲੋਂ ਇੱਥੇ ਸਾਈਬਰ ਧੋਖਾਧੜੀ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ ਇਸ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਸੈਕਟਰ-18 ਸਥਿਤ ਏਅਰ ਫੋਰਸ ਹੈਰੀਟੇਜ ਸੈਂਟਰ ਵਿੱਚ ਸਾਈਬਰ ਸੈਂਟਰ ਸਥਾਪਿਤ ਕੀਤਾ ਗਿਆ ਹੈ।
744 ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਨਿਯੁਕਤੀ ਪੱਤਰ:ਕੇਂਦਰੀ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਏ 744 ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਨ੍ਹਾਂ ਵਿੱਚੋਂ 700 ਕਾਂਸਟੇਬਲ ਅਤੇ 44 ਏ.ਐਸ.ਆਈ. ਚੰਡੀਗੜ੍ਹ ਪੁਲਿਸ ਨੂੰ 25 ਟਾਟਾ ਸਫਾਰੀ ਵੀ ਦੇਵੇਗੀ ਜੋ ਕਿ ਐਡਵਾਂਸ ਫੀਚਰ ਨਾਲ ਲੈਸ ਹੈ। ਇਨ੍ਹਾਂ ਦੀ ਵਰਤੋਂ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਕੀਤੀ ਜਾਵੇਗੀ।
ਕੌਣ-ਕੌਣ ਰਹੇ ਮੌਜੂਦ:ਉਨ੍ਹਾਂ ਨੇ ਪੁਲਿਸ ਕੰਟਰੋਲ ਐਂਡ ਕਮਾਂਡ ਵਾਹਨ ਨੂੰ ਹਰੀ ਝੰਡੀ ਦਿਖਾਈ। ਉਥੇ ਹੀ ਪ੍ਰਸ਼ਾਸਨਿਕ ਬਲਾਕ ਸੀ.ਸੀ.ਈ.ਟੀ. ਸਮੇਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਵੀ ਸੀ.ਸੀ.ਈ.ਟੀ. ਪਹੁੰਚੇ। ਪ੍ਰੋਗਰਾਮ ‘ਚ ਯੂ.ਟੀ. ਗ੍ਰਹਿ ਸਕੱਤਰ ਨਿਤੀਨ ਯਾਦਵ ਸਮੇਤ ਮੇਅਰ ਅਨੂਪ ਗੁਪਤਾ, ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਐਡੀਸ਼ਨਲ ਸਾਲੀਸਟਰ ਜਨਰਲ ਆਫ ਇੰਡੀਆ ਸਤਿਆਪਾਲ ਜੈਨ, ਡੀ.ਜੀ.ਪੀ. ਪਰਵੀਨ ਰੰਜਨ ਵੀ ਮੌਜੂਦ ਰਹੇ।