ਨਵੀ ਦਿੱਲੀ: ਪੰਜਾਬ ਵਿੱਚ ਡੀਏਪੀ ਸੰਕਟ ਦੇ ਮੱਦੇਨਜ਼ਰ ਸੂਬੇ ਦੇ ਖੇਤੀਬਾੜੀ, ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ (Agriculture Minister Randhir Nabha) ਦੀ ਦਖਲ ਅੰਦਾਜੀ ਤੋਂ ਬਾਅਦ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁੱਖ ਮੰਡਾਵੀਆ ਨੇ ਪੰਜਾਬ ਨੂੰ ਤਿੰਨ-ਚਾਰ ਦਿਨਾਂ ਦੇ ਅੰਦਰ ਡੀਏਪੀ ਦੇ 10 ਰੈਕ, ਐਨਪੀਕੇ ਦੇ 5 ਰੈਕ ਅਤੇ ਐਸ.ਐਸ.ਪੀ ਦੇ 2 ਰੈਕ ਸਪਲਾਈ ਕਰਨ ਦਾ ਭਰੋਸਾ ਦਿੱਤਾ। ਪੰਜਾਬ ਦੀ ਮੰਗ ਨੂੰ ਮੰਨਦੇ ਹੋਏ ਕੇਂਦਰੀ ਮੰਤਰੀ ਨੇ ਆਉਣ ਵਾਲੇ ਮਹੀਨਿਆਂ ਨਵੰਬਰ ਅਤੇ ਦਸੰਬਰ ਵਿੱਚ ਪੰਜਾਬ ਨੂੰ ਯੂਰੀਆ ਦੀ ਢੁੱਕਵੀਂ ਸਪਲਾਈ (Supply of DAP) ਦੇਣ ਦਾ ਭਰੋਸਾ ਵੀ ਦਿੱਤਾ।
ਮਨਸੁੱਖ ਮੰਡਾਵੀਆ ਨਾਲ ਉਨਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਨ ਦੌਰਾਨ ਖੇਤੀਬਾੜੀ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਹਾੜੀ ਦੀਆਂ ਫਸਲਾਂ ਲਈ ਕੁੱਲ 5.50 ਲੱਖ ਮੀਟਰਕ ਟਨ ਡੀ.ਏ.ਪੀ ਦੀ ਲੋੜ ਹੈ। ਜਿਸ ਵਿੱਚੋਂ ਅਕਤੂਬਰ ਅਤੇ ਨਵੰਬਰ ਵਿੱਚ ਕਣਕ ਦੀ ਫਸਲ ਦੀ ਸਮੇਂ ਸਿਰ ਬਿਜਾਈ ਲਈ 4.80 ਲੱਖ ਮੀਟਰਕ ਟਨ ਡੀਏਪੀ ਦੀ ਲੋੜ ਹੁੰਦੀ ਹੈ ਤਾਂ ਜੋ ਕਣਕ ਦੀ ਵੱਧ ਤੋਂ ਵੱਧ ਪੈਦਾਵਾਰ ਨੂੰ ਯਕੀਨੀ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਪੰਜਾਬ ਵਿੱਚ ਲਗਭਗ 35.00 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।
ਪੰਜਾਬ ਦੇ ਖੇਤੀ ਮੰਤਰੀ ਨੇ ਕਿਹਾ ਕਿ ਰਾਜ ਕੋਲ ਪਿਛਲੇ ਸਾਲ (01.10.2020) ਦੇ 3.63 ਐਲਐਮਟੀ ਦੇ ਮੁਕਾਬਲੇ 01.10.2021 ਨੂੰ ਡੀਏਪੀ ਦਾ 0.74 ਲੱਖ ਮੀਟਰਕ ਟਨ ਓਪਨਿੰਗ ਸਟਾਕ ਹੀ ਉਪਲਬਧ ਸੀ। ਭਾਰਤ ਸਰਕਾਰ ਨੇ ਅਕਤੂਬਰ -2021 ਦੌਰਾਨ 2.75 ਐਲਐਮਟੀ ਦੀ ਮੰਗ ਦੇ ਵਿਰੁੱਧ ਸਿਰਫ 1.97 ਲੱਖ ਮੀਟਿ੍ਰਕ ਟਨ ਡੀਏਪੀ ਹੀ ਅਲਾਟ ਕੀਤਾ ਹੈ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਣਕ ਦੀ ਫਸਲ ਦੀ ਬਿਜਾਈ ਲਈ ਇਸ ਮਹੱਤਵਪੂਰਨ ਖਾਦ ਦੀ ਘਾਟ ਹੈ ਅਤੇ ਕਣਕ ਦੀ ਬਿਜਾਈ ਲਈ ਸਿਰਫ 20-25 ਦਿਨ ਬਾਕੀ ਰਹਿ ਗਏ ਹਨ। ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪੰਜਾਬ ਨੇ ਅਕਤੂਬਰ -2021 ਲਈ ਰਾਜ ਨੂੰ 1.50 ਐਲ.ਐਮ.ਟੀ ਡੀ.ਏ.ਪੀ ਦੀ ਵਾਧੂ ਅਲਾਟਮੈਂਟ ਸਬੰਧੀ ਮੰਗ ਵੀ ਕੀਤੀ ਹੈ ਅਤੇ ਡੀਏਪੀ ਦੀ ਸਪਲਾਈ ਵਿੱਚ ਤੇਜ਼ੀ ਲਿਆਂਦੀ ਹੈ।
ਅਕਤੂਬਰ 2021 ਦੇ ਮਹੀਨੇ ਲਈ ਕੇਂਦਰ ਸਰਕਾਰ ਦੀ ਸਪਲਾਈ ਯੋਜਨਾ ਅਤੇ ਅਸਲ ਡਿਸਪੈਚਾਂ ਸਬੰਧੀ ਜਾਣਕਾਰੀ ਦਿੰਦੇ ਹੋਏ, ਰਣਧੀਰ ਨਾਭਾ ਨੇ ਦੱਸਿਆ ਕਿ ਪੰਜਾਬ ਨੂੰ 197250 ਮੀਟਰਕ ਟਨ ਦੀ ਅਲਾਟਮੈਂਟ ਯੋਜਨਾ ਵਿਰੁੱਧ ਸਿਰਫ 80951 ਡੀਏਪੀ ਪ੍ਰਾਪਤ ਹੋਈ, ਇਸ ਤਰਾਂ ਕੁੱਲ ਅਲਾਟਮੈਂਟ ਦਾ ਸਿਰਫ 41 ਫੀਸਦ ਹੀ ਪ੍ਰਾਪਤ ਹੋਇਆ ਜਦੋਂ ਕਿ ਹਰਿਆਣਾ ਨੂੰ ਕੁੱਲ ਅਲਾਟਮੈਂਟ ਦਾ 89 ਫੀਸਦ (ਸਪਲਾਈ ਯੋਜਨਾ 58650 ,ਭੇਜਿਆ ਗਿਆ 52155), ਯੂਪੀ ਨੂੰ 170 ਫੀਸਦ (ਸਪਲਾਈ ਯੋਜਨਾ 60000 ਭੇਜਿਆ ਗਿਆ 102201 ) ਅਤੇ ਰਾਜਸਥਾਨ ਨੂੰ 88 ਫੀਸਦ (ਸਪਲਾਈ ਯੋਜਨਾ 67890 ਭੇਜਿਆ 59936) ਪ੍ਰਾਪਤ ਹੋਇਆ ਜੋ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਹਾਰ ਦਰਸਾਉਂਦਾ ਹੈ।
ਡੀ.ਏ.ਪੀ ਕੀ ਹੈ
ਡੀ-ਅਮੋਨੀਅਮ ਫਾਸਫੇਟ ਜੋ ਕਿ ਡੀਏਪੀ ਦੇ ਨਾਂ ਨਾਲ ਮਸ਼ਹੂਰ ਹੈ, ਭਾਰਤ ਵਿੱਚ ਇੱਕ ਪਸੰਦੀਦਾ ਖਾਦ ਹੈ। ਕਿਉਂਕਿ ਇਸ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੋਵੇਂ ਹੁੰਦੇ ਹਨ, ਜੋ ਮੁੱਢਲੇ ਮੈਕਰੋ-ਪੌਸ਼ਟਿਕ ਅਤੇ 18 ਜ਼ਰੂਰੀ ਬੂਟਿਆਂ ਦੇ ਪੌਸ਼ਟਿਕ ਤੱਤਾਂ ਦਾ ਹਿੱਸਾ ਹੁੰਦੇ ਹਨ।