ਸਿਰਮੌਰ (ਹਿਮਾਚਲ): ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਵੀਰਵਾਰ ਨੂੰ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਸੇਵਾਦਾਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪਾਉਂਟਾ ਸਾਹਿਬ: ਗੁਰਦੁਆਰਾ ਸਾਹਿਬ 'ਚ ਡਿੱਗੀ ਛੱਤ, ਇੱਕ ਸੇਵਾਦਾਰ ਦੀ ਮੌਤ, 2 ਹੋਰ ਜਖ਼ਮੀ
ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਸੇਵਾਦਾਰ ਦੀ ਮੌਤ ਹੋ ਗਈ। ਉਥੇ ਹੀ, 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ। ਇਹ ਹਾਦਸਾ ਇਮਾਰਤ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਵਾਪਰਿਆ।
ਉਸਾਰੀ ਅਧੀਨ ਇਮਾਰਤ ਢੇਰ: ਜਾਣਕਾਰੀ ਅਨੁਸਾਰ ਪਾਉਂਟਾ ਸਾਹਿਬ ਗੁਰਦੁਆਰੇ ਵਿਖੇ ਬਾਹਰਲੇ ਸੂਬਿਆਂ ਤੋਂ ਕੁਝ ਸੇਵਾਦਾਰ ਸੇਵਾ ਕਰਨ ਆਏ ਹੋਏ ਸਨ। ਇਸੇ ਦੌਰਾਨ ਵੀਰਵਾਰ ਦੇਰ ਸ਼ਾਮ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਉਸਾਰੀ ਅਧੀਨ ਇਮਾਰਤ ਤੋਂ ਥੋੜੀ ਦੂਰੀ 'ਤੇ 3 ਸੇਵਾਦਾਰਾਂ 'ਤੇ ਅਚਾਨਕ ਛੱਤ ਆ ਡਿੱਗੀ, ਜਿਸ ਦੀ ਲਪੇਟ 'ਚ ਹੇਠਾਂ ਖੜ੍ਹੇ ਸਾਰੇ 3 ਸੇਵਾਦਾਰ ਆ ਗਏ। ਇਸ ਹਾਦਸੇ ਵਿੱਚ 24 ਸਾਲਾ ਮਿਲਨਦੀਪ ਪੁੱਤਰ ਜਗਤਾਰ ਸਿੰਘ ਵਾਸੀ ਹਰਿਦੁਆਰ ਦੇ ਸਿਰ ਵਿੱਚ ਡੂੰਘੀ ਸੱਟ ਲੱਗ ਗਈ, ਜਿਸ ਦੀ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ।
ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ :ਦੂਜੇ ਪਾਸੇ, ਇਸ ਹਾਦਸੇ ਵਿੱਚ ਮੌਂਟੀ ਪੁੱਤਰ ਬਾਬੂ ਰਾਮ ਵਾਸੀ ਹਰਿਦੁਆਰ ਅਤੇ ਅਨਮੋਲ ਪੁੱਤਰ ਬਖਸ਼ੀਸ਼ ਵਾਸੀ ਹਰਿਦੁਆਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਾਉਂਟਾ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਜਦੋਂ ਪੁਛਿਆ ਗਿਆ ਤਾਂ ਪਾਉਂਟਾ ਸਾਹਿਬ ਦੇ ਡੀਐਸਪੀ ਮਾਨਵੇਂਦਰ ਠਾਕੁਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੁਰਦੁਆਰੇ ਵਿੱਚ ਵਾਪਰੀ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੋ ਹੋਰਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।