ਦੋ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ, ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ - ਲਾਪਤਾ ਹੋਏ ਨੌਜਵਾਨ
Published : Jan 25, 2024, 7:07 AM IST
ਅੰਮ੍ਰਿਤਸਰ ਵਿੱਚ 19 ਜਨਵਰੀ ਤੋਂ ਲਾਪਤਾ ਹੋਏ ਨੌਜਵਾਨ ਦੀ ਹੁਣ ਭੇਤਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ। ਇਸ ਸੰਬੰਧ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਲੜਕੇ ਦਾ ਨਾਮ ਸ਼ਰਨਪ੍ਰੀਤ ਸਿੰਘ ਹੈ ਅਤੇ ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਕੰਮ ਕਰਦਾ ਹੈ। 19 ਜਨਵਰੀ ਤੋਂ ਉਹ ਘਰ ਤੋਂ ਲਾਪਤਾ ਸੀ ਅਤੇ ਹੁਣ ਉਨ੍ਹਾਂ ਦੇ ਲੜਕੇ ਦੀ ਲਾਸ਼ ਬਰਾਮਦ ਹੋਈ ਹੈ। ਪਰਿਵਾਰ ਮੁਤਾਬਿਕ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ ਜਿਸ ਤਹਿਤ ਉਹਨਾਂ ਨੂੰ ਸ਼ੱਕ ਹੈ ਕਿ ਲੜਕੇ ਦਾ ਕਤਲ ਹੋਇਆ ਹੈ। ਦੂਜੇ ਪਾਸੇ ਪੁਲਿਸ ਸਿਰਫ ਧਾਰਾ 174 ਦੇ ਅਧੀਨ ਹੀ ਕਾਰਵਾਈ ਕਰ ਰਹੀ ਹੈ ਅਤੇ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਧਾਰਾ 302 ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇ। ਦੂਜੇ ਪਾਸੇ ਥਾਣਾ ਮੋਹਕਮਪੁਰਾ ਦੇ ਪੁਲਿਸ ਅਧਿਕਾਰੀ ਨਵਤੇਜ ਸਿੰਘ ਨੇ ਦੱਸਿਆ ਕਿ 20 ਤਰੀਕ ਨੂੰ ਪੁਲਿਸ ਨੂੰ ਲਾਵਾਰਸ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ 24 ਘੰਟੇ ਸ਼ਨਾਖਤ ਦੇ ਲਈ ਵੀ ਰੱਖਿਆ ਸੀ ਅਤੇ ਹੁਣ ਉਸਦੇ ਪਰਿਵਾਰਿਕ ਮੈਂਬਰ ਆਏ ਹਨ। ਉਹ ਨੌਜਵਾਨ ਦੇ ਕਤਲ ਹੋਣ ਦਾ ਸ਼ੱਕ ਜਤਾ ਰਹੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।