ਏਐਸਆਈ ਸੁਨੀਤਾ ਰਾਣੀ ਨਿਭਾ ਰਹੀ ਸਰਕਾਰੀ-ਸਾਮਾਜਿਕ ਸੇਵਾ ਲੁਧਿਆਣਾ:ਮੁਨੱਖਤਾ ਤੋਂ ਉਪਰ ਕੋਈ ਨਹੀਂ ਹੈ। ਜੇਕਰ ਤੁਸੀਂ ਸੇਵਾ ਕਰਨ ਦੇ ਚਾਅਵਾਨ ਹੋ ਤਾਂ, ਸਮਾਂ ਜਾਂ ਡਿਊਟੀ ਉਸ ਦੀ ਰਾਹ ਵਿੱਚ ਨਹੀਂ ਆਉਂਦੀ। ਅਜਿਹਾ ਹੀ ਸਾਬਿਤ ਕੀਤਾ ਹੈ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਤੈਨਾਤ ਸੁਨੀਤਾ ਰਾਣੀ ਨੇ। ਸੁਨੀਤਾ ਰਾਣੀ ਸਾਲ 2019 ਤੋਂ ਲਵਾਰਿਸ ਲਾਸ਼ਾਂ ਦੇ ਸਸਕਾਰ ਕਰਦੀ ਆ ਰਹੀ ਹੈ। ਹੁਣ ਤੱਕ ਉਹ 4000 ਤੋਂ ਵਧੇਰੇ ਲਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਅੰਤਿਮ ਰਸਮਾਂ ਵੀ ਉਹ ਖੁਦ ਕਰਦੀ ਹੈ।
ਸੁਨੀਤਾ ਰਾਣੀ 2025 ਵਿੱਚ ਸੇਵਾ ਮੁਕਤ ਹੋ ਜਾਵੇਗੀ, ਪਰ ਉਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਲਗਾਤਾਰ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਇਹ ਸੇਵਾਵਾਂ ਨਿਰੰਤਰ ਜਾਰੀ ਰੱਖੇਗੀ। ਮਹਿਲਾ ਦਿਵਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਇੱਕ ਮਹਿਲਾ ਸਮਾਜ ਵਿੱਚ ਰਹਿੰਦਿਆਂ ਉਹ ਸਭ ਕੁਝ ਕਰ ਸਕਦੀ ਹੈ, ਜੋ ਇੱਕ ਆਮ ਪੁਰਸ਼ ਕਰਦਾ ਹੈ।
ਕਿਵੇਂ ਹੋਈ ਸ਼ੁਰੂਆਤ:ਦਰਅਸਲ, ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਬੀਤੇ ਕਈ ਸਾਲਾਂ ਤੋਂ ਸੇਵਾਵਾਂ ਨਿਭਾਅ ਰਹੀ ਹੈ। ਬਤੌਰ ਏਐਸਆਈ ਉਹ ਆਪਣੀ ਡਿਊਟੀ ਕਰ ਰਹੀ ਹੈ। 1992 ਵਿੱਚ ਉਸ ਦੇ ਭਰਾ ਨੂੰ ਦਹਿਸ਼ਤਗਰਦਾਂ ਵੱਲੋਂ ਮਾਰ ਦਿੱਤਾ ਗਿਆ ਸੀ ਅਤੇ ਜਦੋਂ ਉਹ ਉਸ ਦਾ ਸਸਕਾਰ ਕਰਨ ਲਈ ਗਈ ਤਾਂ ਉਸ ਨੇ ਵੇਖਿਆ ਕਿ ਕਈ ਲਵਾਰਿਸ ਲਾਸ਼ਾਂ ਅਜਿਹੀਆਂ ਹਨ, ਜਿਨ੍ਹਾਂ ਦਾ ਕੋਈ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਹ ਇਹ ਸੇਵਾ ਕਰੇਗੀ ਅਤੇ ਜਦੋਂ ਡਿਊਟੀ ਤੋਂ ਬਾਅਦ ਉਸ ਨੂੰ ਸਮਾਂ ਮਿਲਣ ਲੱਗਾ, ਤਾਂ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਤੱਕ ਉਹ 4000 ਤੋਂ ਵਧੇਰੇ ਲੋਕਾਂ ਦਾ ਅੰਤਿਮ ਸਸਕਾਰ ਕਰ ਚੁੱਕੀ ਹੈ। ਅਜਿਹੇ ਲੋਕ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉਨ੍ਹਾਂ ਦੀਆਂ ਅੰਤਿਮ ਕਿਰਿਆ ਉਹ ਆਪ ਕਰਦੀ ਹੈ।
ਆਪਣੀ ਤਨਖਾਹ ਚੋਂ ਖ਼ਰਚਾ: ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਲਾਵਾਰਿਸ ਲਾਸ਼ਾਂ ਦਾ ਸਾਰਾ ਖ਼ਰਚਾ ਆਪਣੀ ਤਨਖ਼ਾਹ ਵਿੱਚੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਇਸ ਦੀ ਸ਼ੁਰੂਆਤ ਕੀਤੀ ਸੀ, ਤਾਂ ਕੁਝ ਲੋਕ ਉਸ ਨਾਲ ਜ਼ਰੂਰ ਜੁੜੇ ਸਨ, ਪਰ ਬਾਅਦ ਵਿੱਚ ਸਾਰੇ ਪਿੱਛੇ ਹੱਟ ਗਏ। ਉਹ ਇਕੱਲੀ ਹੀ ਹੁਣ ਇਸ ਸੇਵਾ ਨੂੰ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2025 ਵਿੱਚ ਉਸ ਨੇ ਨੌਕਰੀ ਤੋਂ ਸੇਵਾਮੁਕਤ ਹੋਣਾ ਹੈ, ਪਰ ਇਸ ਦੇ ਬਾਵਜੂਦ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖੇਗੀ। ਸੁਨੀਤਾ ਰਾਣੀ ਰੋਜ਼ਾਨਾ ਇੱਕ ਤੋਂ ਦੋ ਲਾਸ਼ਾਂ ਦਾ ਸਸਕਾਰ ਕਰਦੀ ਹੈ ਅਤੇ ਇਕ ਪਰਿਵਾਰਕ ਮੈਂਬਰ ਵਾਂਗ ਲਾਵਾਰਿਸ ਲਾਸ਼ ਦੀਆਂ ਸਾਰੀਆਂ ਰਸਮਾਂ ਖੁਦ ਅਦਾ ਕਰਦੀ ਹੈ।
ਕਿੱਥੋਂ ਮਿਲਦੀਆਂ ਲਾਸ਼ਾਂ: ਦਰਅਸਲ, ਲੁਧਿਆਣਾ ਵੱਡਾ ਸ਼ਹਿਰ ਹੈ ਅਤੇ ਵੱਡੀ ਤਦਾਦ ਵਿੱਚ ਇੱਥੇ ਜੁਰਮ ਵੀ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਕੋਈ ਨਹਿਰ ਵਿੱਚ ਛਾਲ ਮਾਰ ਦਿੰਦਾ ਹੈ, ਕਿਸੇ ਦੀ ਲਾਸ਼ ਜੀਆਰਪੀ ਕੋਲੋਂ ਬਰਾਮਦ ਹੁੰਦੀ ਹੈ ਅਤੇ ਕਿਸੇ ਦੀ ਆਰਪੀਐਫ ਕੋਲੋਂ ਆਦਿ, ਅਜਿਹੀਆਂ ਅਣਪਛਾਤੀਆਂ ਲਾਵਾਰਿਸ ਲਾਸ਼ਾਂ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ, ਉਨ੍ਹਾਂ ਨੂੰ ਜਦੋਂ ਪੁਲਿਸ ਹਸਪਤਾਲ ਲਿਜਾਂਦੀ ਹੈ, ਤਾਂ ਉਨ੍ਹਾਂ ਲਾਸ਼ਾਂ ਉੱਤੇ ਕੋਈ ਕਲੇਮ ਨਹੀਂ ਕਰਦਾ। ਇਸ ਕਰਕੇ ਹਸਪਤਾਲ ਵਿੱਚ ਪੋਸਟਮਾਰਟਮ ਕਰਨ ਵਾਲੇ ਸੁਨੀਤਾ ਰਾਣੀ ਨੂੰ ਫੋਨ ਕਰਕੇ ਉਸ ਨੂੰ ਹੀ ਲਾਸ਼ ਸੌਂਪ ਦਿੰਦੇ ਹਨ ਜਿਸ ਤੋਂ ਬਾਅਦ ਉਹ ਪੂਰੇ ਰਸਮਾਂ ਰਿਵਾਜਾਂ ਦੇ ਨਾਲ ਇਨ੍ਹਾਂ ਦਾ ਅੰਤਮ ਸਸਕਾਰ ਕਰਦੀ ਹੈ।
ਖੁਦ ਹੀ ਕਰਦੀ ਅਸਥੀਆਂ ਪ੍ਰਵਾਹ: ਏ ਐਸ ਆਈ ਸੁਨੀਤਾ ਕਿਹਾ ਕਿ ਪਹਿਲਾਂ 3000 ਰੁਪਏ ਤੱਕ ਦਾ ਖ਼ਰਚਾ ਇੱਕ ਲਾਸ਼ ਦੇ ਸਸਕਾਰ ਤੇ ਆਉਂਦਾ ਸੀ ਅਤੇ ਹੁਣ ਥੋੜਾ ਹੋਰ ਵੱਧ ਗਿਆ ਹੈ, ਪਰ ਸ਼ਮਸ਼ਾਨ ਵਾਲੇ ਉਸ ਨੂੰ ਡਿਸਕਾਊਂਟ ਦੇ ਦਿੰਦੇ ਹੈ, ਕਿਉਂਕਿ ਉਹ ਸੇਵਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਸਕਾਰ ਤੇ 2000 ਰੁਪਏ ਤੱਕ ਦਾ ਉਸ ਦਾ ਖਰਚਾ ਆਉਂਦਾ ਹੈ, ਜੋ ਕਿ ਉਹ ਖੁਦ ਆਪਣੇ ਕੋਲੋਂ ਕਰਦੀ ਹੈ। ਇਸ ਤੋਂ ਇਲਾਵਾ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਉਸ ਦੀ ਅੰਤਿਮ ਕਿਰਿਆਵਾਂ ਉਸ ਦੇ ਅਸਥੀਆਂ ਨੂੰ ਜਲ ਪ੍ਰਵਾਹ ਤੱਕ ਵੀ ਉਹ ਆਪ ਹੀ ਕਰਨ ਜਾਂਦੀ ਹੈ।