ਬੈਗ ਬਣਾਉਣ ਦਾ ਕਾਰੋਬਾਰ ਕਰਕੇ ਕਰ ਰਹੀਆਂ ਨੇ ਚੋਖੀ ਕਮਾਈ (ETV BHARAT (ਰਿਪੋਟਰ,ਬਠਿੰਡਾ)) ਬਠਿੰਡਾ:ਅਕਸਰ ਹੀ ਪੰਜਾਬ ਵਿੱਚ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਇੱਥੇ ਰੁਜ਼ਗਾਰ ਦੇ ਬਹੁਤ ਘੱਟ ਮੌਕੇ ਹਨ ਅਤੇ ਲਗਾਤਾਰ ਪੰਜਾਬ ਦੀ ਜਵਾਨੀ ਵਿਦੇਸ਼ ਵੱਲ ਭੱਜ ਰਹੀ ਹੈ। ਲੱਖਾਂ ਰੁਪਏ ਲਾ ਕੇ ਵਿਦੇਸ਼ ਵਿੱਚ ਰੁਜ਼ਗਾਰ ਦੀ ਭਾਲ ਲਈ ਜਾ ਰਹੇ ਨੌਜਵਾਨਾਂ ਸਾਹਮਣੇ ਬਠਿੰਡਾ ਦੇ ਪਿੰਡ ਪੱਕਾ ਦੀਆਂ ਮਹਿਲਾਵਾਂ ਨੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਪਿੰਡ ਵਿੱਚ ਰਹਿ ਕੇ ਇਹਨਾਂ ਔਰਤਾਂ ਨੇ ਸੈਲਫ ਹੈਲਪ ਗਰੁੱਪ ਬਣਾ ਕੇ ਵੱਡੇ ਪੱਧਰ ਉੱਤੇ ਬੈਗ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ।
ਸੈਲਫ ਹੈਲਪ ਗਰੁੱਪ ਬਣਿਆ ਰੁਜ਼ਗਾਰ ਦਾ ਸਾਧਨ
ਇਸ ਕਾਰੋਬਾਰ ਵਿੱਚ ਹੈਂਡ ਟੂ ਹੈਂਡ ਸਮਾਜ ਸੇਵੀ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਰਿਫੈਨਰੀ ਵੱਲੋਂ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ। ਸੈਲਫ ਹੈਲਪ ਗਰੁੱਪ ਚਲਾਉਣ ਵਾਲੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਸਿਲਾਈ ਦਾ ਕੰਮ ਕਰਦੀ ਸੀ ਪਰ ਸਿਲਾਈ ਵਿੱਚ ਬਹੁਤੀ ਆਮਦਨ ਨਹੀਂ ਸੀ। ਫਿਰ ਉਸ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨਾਲ ਸੰਪਰਕ ਕੀਤਾ ਗਿਆ, ਸ੍ਰੀ ਗੁਰੂ ਗੋਬਿੰਦ ਸਿੰਘ ਰਿਫੈਨਰੀ ਵੱਲੋਂ ਉਹਨਾਂ ਨੂੰ ਹੈਂਡ ਟੂ ਹੈਂਡ ਸਮਾਜ ਸੇਵੀ ਸੰਸਥਾ ਨਾਲ ਜੋੜਿਆ ਗਿਆ। ਇਸ ਸੰਸਥਾ ਵੱਲੋਂ ਉਹਨਾਂ ਨੂੰ ਬੈਗ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਅੱਜ ਉਹ ਹਰ ਤਰ੍ਹਾਂ ਦਾ ਬੈਗ ਜਿਵੇਂ ਸਕੂਲ ਬੈਗ ਤੋਂ ਲੈ ਕੇ ਔਰਤਾਂ ਦੇ ਪਰਸ ਤੱਕ ਤਿਆਰ ਕਰ ਰਹੀਆਂ ਹਨ।
ਸਮਾਜ ਸੇਵੀ ਸੰਸਥਾ ਦਾ ਸਹਿਯੋਗ
ਰੁਪਿੰਦਰ ਕੌਰ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਹੈਂਡ ਟੂ ਹੈਂਡ ਵੱਲੋਂ ਉਨ੍ਹਾਂ ਨੂੰ ਆਰਡਰ ਲਿਆ ਕੇ ਦਿੱਤਾ ਜਾਂਦਾ ਹੈ ਅਤੇ ਉਹ ਪ੍ਰਤੀ ਬੈਗ ਦੇ ਹਿਸਾਬ ਨਾਲ ਅਦਾਇਗੀ ਕਰਦੇ ਹਨ। ਇਸ ਸੈਲਫ ਹੈਲਪ ਗਰੁੱਪ ਵਿੱਚ 13 ਔਰਤਾਂ ਕੰਮ ਕਰਦੀਆਂ ਹਨ, ਜਿਨਾਂ ਨੂੰ ਹਰ ਮਹੀਨੇ 15 ਤੋਂ 20 ਹਜਾਰ ਰੁਪਏ ਦੀ ਆਮਦਨ ਹੋ ਰਹੀ ਹੈ। ਸਮਾਜ ਸੇਵੀ ਸੰਸਥਾ ਵੱਲੋਂ ਉਹਨਾਂ ਨੂੰ ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚੋਂ ਵੀ ਬੈਗ ਬਣਾਉਣ ਦੇ ਆਰਡਰ ਲਿਆ ਕੇ ਦਿੱਤੇ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਦਾ ਚੰਗਾ ਗੁਜ਼ਾਰਾ ਹੋ ਰਿਹਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ, ਪਰ ਅੱਜ ਉਹ ਸਮਾਜ ਸੇਵੀ ਸੰਸਥਾ ਦੇ ਉਪਰਾਲੇ ਨਾਲ ਵੱਖ-ਵੱਖ ਜਿਲ੍ਹਿਆਂ ਵਿੱਚ ਟ੍ਰੇਨਿੰਗ ਲਗਾ ਕੇ ਆਏ ਹਨ।
ਔਰਤਾਂ ਨੂੰ ਵਧੀਆ ਆਮਦਨ
ਇਸ ਸੰਸਥਾ ਰਾਹੀਂ ਮਿਲ ਰਹੇ ਰੁਜ਼ਗਾਰ ਕਾਰਨ ਉਹ ਚੰਗੀ ਆਮਦਨ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਕੰਮ ਲਈ ਬਹੁਤ ਸਮਾਂ ਦੇਣਾ ਪੈਂਦਾ ਹੈ, ਇਸ ਲਈ ਉਹ ਸਵੇਰੇ ਬੱਚਿਆਂ ਨੂੰ ਸਕੂਲ ਭੇਜ ਕੇ ਬੈਗ ਬਣਾਉਣ ਲਈ ਆ ਜਾਂਦੀਆਂ ਹਨ ਅਤੇ ਦੇਰ ਰਾਤ ਤੱਕ ਕੰਮ ਕਰਦੀਆਂ ਹਨ। ਇਸ ਸਮਾਜ ਸੇਵੀ ਸੰਸਥਾ ਕਾਰਨ ਉਹਨਾਂ ਨੂੰ ਜਿੱਥੇ ਸਮਾਜ ਵਿੱਚ ਚੰਗਾ ਮਾਨ ਸਨਮਾਨ ਮਿਲ ਰਿਹਾ ਹੈ। ਪਰਿਵਾਰ ਵੱਲੋਂ ਵੀ ਹੁਣ ਉਹਨਾਂ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਬਹੁਤ ਰੁਜ਼ਗਾਰ ਹੈ। ਤੁਸੀਂ ਲੱਖਾਂ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਉਹਨਾਂ ਨੂੰ ਪੰਜਾਬ ਵਿੱਚ ਹੀ ਰਹਿ ਕੇ ਰੁਜ਼ਗਾਰ ਦੇ ਮੌਕੇ ਦਿਓ ਤਾਂ ਜੋ ਪੰਜਾਬ ਨੂੰ ਤਰੱਕੀ ਦੀ ਰਾਹ ਉੱਤੇ ਲਿਜਾਇਆ ਜਾ ਸਕੇ