ਚੰਡੀਗੜ੍ਹ:ਉੱਤਰੀ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਿਆ ਹੈ, ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਪੰਜਾਬ ਦੇ ਮਾਝੇ ਅਤੇ ਪੱਛਮੀ ਮਾਲਵੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ ਤਿੰਨ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਅਤੇ ਗੜੇਮਾਰੀ ਪੈਣ ਦੇ ਅਸਾਰ ਹਨ। ਹਿਮਾਚਲ 'ਚ ਅਗਲੇ ਦੋ ਦਿਨਾਂ ਤੱਕ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਓਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਨੌਂ ਜ਼ਿਲ੍ਹਿਆਂ 'ਚ ਅਲਰਟ: ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ ਅਤੇ ਮੋਗਾ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਗੜੇਮਾਰੀ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਅਗਲੇ ਦੋ ਦਿਨਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਹਰਿਆਣਾ 'ਚ ਵੀ ਮੀਂਹ ਨਾਲ ਗੜੇਮਾਰੀ: ਇਸ ਦੇ ਨਾਲ ਹੀ ਹਰਿਆਣਾ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਇੱਥੇ ਸੋਮਵਾਰ-ਮੰਗਲਵਾਰ ਤੋਂ ਬਾਰਿਸ਼ ਹੋਵੇਗੀ ਅਤੇ ਤੇਜ਼ ਹਵਾਵਾਂ ਅਤੇ ਗੜੇਮਾਰੀ ਪੈਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਦਿਨ ਦੇ ਤਾਪਮਾਨ 'ਚ ਵੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੇਗੀ।
ਹਿਮਾਚਲ 'ਚ ਸੀਜ਼ਨ ਦੀ ਦੂਜੀ ਬਰਫਬਾਰੀ: ਹਿਮਾਚਲ ਵਿੱਚ ਵੀ ਮੌਸਮ ਕਰਵਟ ਬਦਲ ਰਿਹਾ ਹੈ। ਸ਼ਿਮਲਾ ਅਤੇ ਮਨਾਲੀ 'ਚ ਆਉਣ ਵਾਲੇ ਦੋ ਦਿਨਾਂ 'ਚ ਇਸ ਸੀਜ਼ਨ ਦੀ ਦੂਜੀ ਬਰਫਬਾਰੀ ਸ਼ੁਰੂ ਹੋਣ ਜਾ ਰਹੀ ਹੈ। ਹਿਮਾਚਲ 'ਚ ਸੋਮਵਾਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਤੋਂ ਬਾਅਦ ਪੂਰੇ ਹਿਮਾਚਲ ਵਿੱਚ ਦੋ ਦਿਨਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਪੱਛਮੀ ਗੜਬੜੀ ਦਾ ਮੌਸਮ 'ਤੇ ਪ੍ਰਭਾਵ: ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਬਦਲਦੇ ਮੌਸਮ ਪਿੱਛੇ ਪੱਛਮੀ ਗੜਬੜੀ ਹੈ। ਪੱਛਮੀ ਗੜਬੜੀ 17 ਫਰਵਰੀ ਤੋਂ ਪੂਰੇ ਉੱਤਰ ਭਾਰਤ ਵਿੱਚ ਸਰਗਰਮ ਹੈ। ਜਿਸ ਦੇ ਚੱਲਦੇ 19 ਫਰਵਰੀ ਨੂੰ ਪੂਰੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ 'ਚ ਮੀਂਹ ਹੋ ਸਕਦਾ ਹੈ। ਇੰਨਾ ਹੀ ਨਹੀਂ ਕੁਝ ਇਲਾਕਿਆਂ 'ਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।