ਚੰਡੀਗੜ੍ਹ:ਪੰਜਾਬ ਵਿੱਚ ਜਿਸ ਸਾਲ ਚੋਣਾਂ ਹੋਣੀਆਂ ਹੁੰਦੀਆਂ ਹਨ, ਉਸ ਸਾਲ ਵੋਟਰਾਂ ਦੀ ਗਿਣਤੀ ਹੈਰਾਨੀਜਨਕ ਤਰੀਕੇ ਨਾਲ ਵਧਦੀ ਹੈ ਅਤੇ ਉਸ ਤੋਂ ਬਾਅਦ ਘੱਟ ਜਾਂਦੀ ਹੈ। ਚੋਣ ਵਿਭਾਗ ਵੱਲੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦੀ ਗਿਣਤੀ ਸਬੰਧੀ ਜਿਹੜੇ ਅੰਕੜੇ ਜਾਰੀ ਕੀਤੇ ਗਏ ਅਤੇ ਜਿਹੜੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਗਏ, ਉਨ੍ਹਾਂ ਵਿੱਚ ਫ਼ਰਕ ਦਰਜ ਕੀਤਾ ਗਿਆ ਹੈ। ਜਾਂ ਇੰਝ ਕਹਿ ਲਓ ਕਿ ਵੋਟਰਾਂ ਦੀ ਗਿਣਤੀ ਚੋਣਾਂ ਤੋਂ ਪਹਿਲਾਂ ਵੱਧ ਜਾਂਦੀ ਹੈ ਅਤੇ ਅਗਲੇ ਕੁਝ ਮਹੀਨਿਆਂ ਬਾਅਦ ਘੱਟ ਜਾਂਦੀ ਹੈ।
ਚੋਣਾਂ ਤੋਂ ਪਹਿਲਾਂ ਵੋਟਰਾਂ ਦੀ ਗਿਣਤੀ ਵਧੀ, ਬਾਅਦ ਵਿੱਚ ਘਟੀ
ਪਿਛਲੇ ਸਾਲ 1 ਜੂਨ 2024 ਨੂੰ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਵੋਟਰਾਂ ਦੀ ਗਿਣਤੀ ਵਧੀ ਅਤੇ ਉਸ ਤੋਂ ਬਾਅਦ 81,174 ਵੋਟਰ ਗਾਇਬ ਹੋ ਗਏ। 8 ਮਹੀਨਿਆਂ ਵਿੱਚ 80 ਹਜ਼ਾਰ ਤੋਂ ਜ਼ਿਆਦਾ ਵੋਟਰਾਂ ਦਾ ਘਟਣਾ ਇਹ ਦਰਸਾਉਂਦਾ ਹੈ ਕਿ ਹਰੇਕ ਦਿਨ ਵਿੱਚ ਕਰੀਬ 338 ਵੋਟਰ ਪੰਜਾਬ ਅੰਦਰ ਘੱਟ ਰਹੇ ਹਨ। ਇਹ ਹੈਰਾਨੀਜਨਕ ਵੀ ਹੈ ਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਵਿੱਚ ਵੋਟਰ ਘੱਟ ਰਹੇ ਹਨ। ਚੋਣ ਕਮਿਸ਼ਨ ਦੀ ਵੋਟਰ ਸੂਚੀ ਮੁਤਾਬਿਕ 14 ਮਈ 2024 ਨੂੰ ਸੂਬੇ ਅੰਦਰ 2,14,61,739 ਵੋਟਰ ਸਨ ਜਿਹੜੇ 7 ਜਨਵਰੀ 2025 ਨੂੰ ਘੱਟ ਕੇ 21380565 ਰਹਿ ਗਏ। ਸਿਰਫ਼ 8 ਮਹੀਨਿਆਂ ਅੰਦਰ ਹੀ 81174 ਵੋਟਰਾਂ ਦਾ ਘਟਣਾ ਹੈਰਾਨੀਜਨਕ ਹੈ।
ਪੰਜਾਬ ਵਿੱਚ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਵਧੇ, ਫਿਰ ਘਟੇ ... (ETV Bharat) ਲਗਾਤਾਰ ਵੋਟਰ ਵਧ-ਘੱਟ ਰਹੇ
ਇਹ ਰੁਝਾਨ ਸਿਰਫ਼ ਇੱਕ ਸਾਲ ਦਾ ਨਹੀਂ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਵੋਟਰਾਂ ਦੀ ਗਿਣਤੀ 3,29,308 ਵਧੀ ਸੀ, ਜਦਕਿ 2023 ਵਿੱਚ 82,212 ਵੋਟਰ ਘੱਟ ਗਏ ਸਨ। ਜਨਵਰੀ 2024 ਵਿੱਚ ਵੋਟਰਾਂ ਦੀ ਗਿਣਤੀ 2,12,32,308 ਸੀ, ਜਦਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਈ ਮਹੀਨੇ ਵਿੱਚ 2,29,431 ਵੋਟਰ ਵੱਧ ਗਏ ਅਤੇ ਪੰਜਾਬ ਅੰਦਰ ਕੁੱਲ ਵੋਟਰਾਂ ਦੀ ਗਿਣਤੀ 2,14,61,739 ਹੋ ਗਈ ਸੀ। ਇਸ ਸਾਲ ਇਹ ਅੰਕੜਾ 2,13,80,565 ਵੋਟਰ ਰਹਿ ਗਿਆ ਹੈ।
ਆਖਿਰ ਵੋਟਰਾਂ ਦੀ ਗਿਣਤੀ ਵਧਦੀ-ਘਟਦੀ ਕਿਉਂ?
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਦੇ ਬਿਆਨ ਅਨੁਸਾਰ ਕਿਸੇ ਵੀ ਚੋਣ ਤੋਂ ਪਹਿਲਾਂ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਧਾਈ ਨੂੰ ਲੈ ਕੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ। ਇਸ ਮੁਹਿੰਮ ਤਹਿਤ ਵੋਟਰ ਸੂਚੀ ਵਿੱਚ ਨਾਮ ਦਰਜ ਕਰਾਉਣ ਲਈ ਲੋਕ ਵਿਸ਼ੇਸ਼ ਰੁਚੀ ਰੱਖਦੇ ਹਨ। ਵੋਟਰ ਸੂਚੀ ਵਿੱਚੋਂ ਨਾਮ ਕਟਵਾਉਣ ਦੇ ਕਈ ਕਾਰਨ ਹੋ ਸਕਦੇ ਹਨ। ਵੋਟਰ ਦੀ ਮੌਤ ਹੋਣ ਜਾਂ ਦੂਜੇ ਸੂਬਿਆਂ ਵਿੱਚ ਸ਼ਿਫਟ ਹੋਣ ਕਾਰਨ ਵੀ ਵੋਟਰ ਫਾਰਮ-7 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿੱਚੋਂ ਕਟਵਾ ਲੈਂਦੇ ਹਨ। ਬੂਥ ਲੈਵਲ ਦੇ ਅਧਿਕਾਰੀ ਹੀ ਇਸ ਦੀ ਜਾਂਚ ਕਰਦੇ ਹਨ, ਜਦਕਿ ਵੋਟਰ ਸੂਚੀ ਵਿੱਚ ਸੁਧਾਰ ਕਰਨਾ ਬੀਐਲਓ ਦਾ ਕੰਮ ਹੈ। ਜੇਕਰ ਵੋਟਰ ਸੂਚੀ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਬੂਥ ਲੈਵਲ ਦੇ ਅਧਿਕਾਰੀ ਹੀ ਇਸ ਦੀ ਜਾਂਚ ਕਰਦੇ ਹਨ।