ਲੁਧਿਆਣਾ:ਪੰਜਾਬ ਦੀਆਂ ਦੋ ਸੀਟਾਂ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਲੋਕ ਸਭਾ ਸੀਟ ਖਡੂਰ ਸਾਹਿਬ ਅਤੇ ਲੋਕ ਸਭਾ ਸੀਟ ਫਰੀਦਕੋਟ, ਜਿੱਥੇ ਦੋ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਹੈ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਕੁੱਲ 4 ਲੱਖ 4 ਹਜ਼ਾਰ 430 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਨੂੰ 1 ਲੱਖ 97 ਹਜ਼ਾਰ 120 ਵੋਟਾਂ ਦੇ ਨਾਲ ਮਾਤ ਦਿੱਤੀ ਹੈ। ਸਰਬਜੀਤ ਖਾਲਸਾ ਨੇ ਕੁੱਲ 2 ਲੱਖ 98 ਹਜ਼ਾਰ 62 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਨੂੰ 70 ਹਜ਼ਾਰ ਦੇ ਕਰੀਬ ਵੋਟਾਂ ਦੇ ਨਾਲ ਮਾਤ ਦਿੱਤੀ ਹੈ। ਸਰਬਜੀਤ ਖਾਲਸਾ ਨੇ ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ ਹਰਾਇਆ। ਇਹਨਾਂ ਦੋਵਾਂ ਦੀ ਜਿੱਤ ਨੇ ਪੰਜਾਬ ਦੀਆਂ ਰੀਜਨਲ ਪਾਰਟੀਆਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਦੋਵੇਂ ਹੀ ਲੀਡਰ ਪੰਜਾਬ ਦੇ ਵਿੱਚ ਪੰਥਕ ਏਜੰਡੇ ਦੇ ਨਾਲ ਜੁੜੇ ਹੋਏ ਹਨ। ਹਾਲਾਂਕਿ ਅੰਮ੍ਰਿਤਪਾਲ ਐਨਐਸਏ ਦੇ ਤਹਿਤ ਡਿੱਬੜੂਗੜ ਜੇਲ੍ਹ ਵਿੱਚ ਬੰਦ ਹਨ ਅਤੇ ਦੂਜੇ ਪਾਸੇ ਸਰਬਜੀਤ ਖਾਲਸਾ ਨੇ ਆਪਣੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਅੰਮ੍ਰਿਤਪਾਲ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ।
ਕੌਣ ਨੇ ਦੋਵੇਂ ਜੇਤੂ: ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਹਨ ਅਤੇ ਉਦੋਂ ਉਹ ਚਰਚਾ ਦੇ ਵਿੱਚ ਆਏ ਜਦੋਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਵਾਰਿਸ ਪੰਜਾਬ ਜਥੇਬੰਦੀ ਦੀ ਵਾਗਡੋਰ ਸੰਭਾਲੀ ਅਤੇ ਪੰਜਾਬ ਦੇ ਵਿੱਚ ਪੰਥਕ ਏਜੰਡੇ ਨੂੰ ਜੋਰਾ ਸ਼ੋਰਾਂ ਦੇ ਨਾਲ ਚਲਾਇਆ। ਅੰਮ੍ਰਿਤਪਾਲ ਨੇ ਸਿੱਖੀ ਨੂੰ ਵਧਾਵਾ ਦੇਣ ਲਈ ਕਈ ਵਹੀਰਾਂ ਵੀ ਕੱਢੀਆਂ। ਹਾਲਾਂਕਿ ਬਾਅਦ ਦੇ 'ਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਅੰਮ੍ਰਿਤਪਾਲ 'ਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਐਨ ਐਸਏ ਲਗਾਇਆ ਅਤੇ ਆਸਾਮ ਦੀ ਡਿੱਬੜੂਗੜ ਜੇਲ੍ਹ ਵਿੱਚ ਭੇਜ ਦਿੱਤਾ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੂੰ ਚੋਣ ਮੈਦਾਨ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਜ਼ੋਰ ਤੋਂ ਬਾਅਦ ਉਤਾਰਿਆ ਗਿਆ ਅਤੇ ਅੰਮ੍ਰਿਤਪਾਲ ਦੀ ਮਾਤਾ ਨੇ ਆਪਣੇ ਪੁੱਤਰ ਦੇ ਲਈ ਖਡੂਰ ਸਾਹਿਬ ਸੀਟ ਤੇ ਪ੍ਰਚਾਰ ਕੀਤਾ ਅਤੇ ਨੌਜਵਾਨਾਂ ਨੇ ਵੀ ਵੱਧ ਚੜ ਕੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਭੁਗਤਾਈਆਂ। ਅੰਮ੍ਰਿਤਪਾਲ ਨੂੰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸਮਰਥਨ ਦਿੱਤਾ ਗਿਆ। ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ। ਫਰੀਦਕੋਟ ਦੇ ਵਿੱਚ ਇੱਕ ਪਾਸੇ ਜਿੱਥੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਚੋਣ ਮੈਦਾਨ ਦੇ ਵਿੱਚ ਸਨ, ਉੱਥੇ ਹੀ ਦੂਜੇ ਪਾਸੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਸਰਬਜੀਤ ਖਾਲਸਾ ਨੇ ਸਾਲ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੁੱਕਿਆ ਸੀ। ਹਾਲਾਂਕਿ ਸਰਬਜੀਤ ਪੰਥਕ ਏਜੰਡੇ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਪਹਿਲ ਦਿੰਦੇ ਰਹੇ ਜਿਨਾਂ 'ਚ ਨਸ਼ਾ, ਡਿੱਗ ਰਿਹਾ ਸਿੱਖਿਆ ਦਾ ਪਸਾਰ, ਬੇਰੁਜ਼ਗਾਰੀ ਆਦਿ ਮੁੱਖ ਮੁੱਦੇ ਰਹੇ।