ਅੰਮ੍ਰਿਤਸਰ:ਅਮਰੀਕਾ ਦਾ ਇੱਕ ਹੋਰ ਜਹਾਜ਼ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਉੱਤੇ ਆਇਆ ਹੈ। ਇਸ ਜਹਾਜ਼ ਵਿੱਚ 119 ਭਾਰਤੀ ਸਵਾਰ ਸਨ। ਇਨ੍ਹਾਂ ਵਿੱਚ ਪੰਜਾਬ ਦੇ 67 ਲੋਕ ਅਤੇ ਬਾਕੀ ਦੂਜੇ ਸੂਬਿਆਂ ਨਾਲ ਸਬੰਧਿਤ ਹਨ।
ਸ਼ਨੀਵਾਰ ਨੂੰ ਡਿਪੋਰਟ ਕਰਕੇ ਵਾਪਸ ਭੇਜੇ ਗਏ ਲੋਕਾਂ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 1-1 ਵਿਅਕਤੀ ਸ਼ਾਮਲ ਹੈ। ਇਨ੍ਹਾਂ ਡਿਪਰੋਰਟ ਭਾਰਤੀਆਂ 'ਚ ਪੰਜਾਬ ਸੂਬੇ ਦੇ ਲੋਕਾਂ ਵਿੱਚੋਂ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹੈ। ਇੰਨ੍ਹਾਂ 'ਚ ਜਿਆਦਾਤਰ 18 ਤੋਂ 30 ਸਾਲ ਦੇ ਲੋਕ ਸ਼ਾਮਲ ਸਨ।
ਪੁਲਿਸ ਗੱਡੀਆਂ ਰਾਹੀ ਭੇਜੇ ਘਰ
ਇਸ ਵਾਰ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਮਰਦਾਂ ਨੂੰ ਹੱਥਕੜੀ ਲਗਾ ਕੇ ਸ਼ਨੀਵਾਰ ਰਾਤ 11.30 ਵਜੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਵਿਚ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਿਆ ਗਿਆ। ਏਅਰਪੋਰਟ 'ਤੇ ਉਨ੍ਹਾਂ ਦੀ ਪਰਿਵਾਰ ਨਾਲ ਮੁਲਾਕਾਤ ਕਰਵਾਈ ਗਈ। ਕਰੀਬ 5 ਘੰਟੇ ਦੀ ਪੜਤਾਲ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡਿਆ ਗਿਆ। ਇਸ ਦੌਰਾਨ ਕਿਸੇ ਨੂੰ ਵੀ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਨੌਜਵਾਨ ਨੇ ਦੱਸੀ ਹੱਡਬੀਤੀ
ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਪਰਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਸੌਰਵ ਨੇ ਕਿਹਾ ਕਿ, "ਮੈਂ 27 ਜਨਵਰੀ ਨੂੰ ਅਮਰੀਕਾ ਵਿੱਚ ਦਾਖਲ ਹੋਇਆ ਸੀ। ਸਾਨੂੰ ਅਮਰੀਕਾ ਵਿੱਚ ਦਾਖਲ ਹੋਣ ਦੇ 2-3 ਘੰਟਿਆਂ ਦੇ ਅੰਦਰ ਪੁਲਿਸ ਨੇ ਫੜ ਲਿਆ। ਉਹ ਸਾਨੂੰ ਪੁਲਿਸ ਸਟੇਸ਼ਨ ਲੈ ਗਏ, ਅਤੇ 2-3 ਘੰਟਿਆਂ ਬਾਅਦ, ਸਾਨੂੰ ਇੱਕ ਕੈਂਪ ਵਿੱਚ ਲੈ ਗਏ... ਅਸੀਂ 15-18 ਦਿਨਾਂ ਤੱਕ ਕੈਂਪ ਵਿੱਚ ਰਹੇ। ਸਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ। ਦੋ ਦਿਨ ਪਹਿਲਾਂ, ਸਾਨੂੰ ਦੱਸਿਆ ਗਿਆ ਸੀ ਕਿ ਸਾਨੂੰ ਦੂਜੇ ਕੈਂਪ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਫਲਾਈਟ ਵਿੱਚ ਸਵਾਰ ਹੋਏ, ਤਾਂ ਸਾਨੂੰ ਦੱਸਿਆ ਗਿਆ ਕਿ ਸਾਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ... ਮੈਂ ਉੱਥੇ ਜਾਣ ਲਈ ਲੱਗਭਗ 45 ਲੱਖ ਰੁਪਏ ਖਰਚ ਕੀਤੇ। ਮੇਰੇ ਮਾਪਿਆਂ ਨੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਅਤੇ ਫੰਡ ਦੇਣ ਲਈ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ... ਮੈਨੂੰ ਸਰਕਾਰ ਤੋਂ ਮਦਦ ਚਾਹੀਦੀ ਹੈ ਕਿਉਂਕਿ ਮੇਰੇ ਮਾਪਿਆਂ ਨੇ ਸਾਡੀ ਜ਼ਮੀਨ ਵੇਚ ਦਿੱਤੀ ਅਤੇ ਕਰਜ਼ਾ ਲਿਆ, ਪਰ ਉਹ ਸਭ ਵਿਅਰਥ ਗਿਆ... ਮੈਂ 17 ਦਸੰਬਰ ਨੂੰ ਭਾਰਤ ਛੱਡ ਦਿੱਤਾ ਸੀ... ਪਹਿਲਾਂ, ਮੈਂ ਮਲੇਸ਼ੀਆ ਗਿਆ, ਜਿੱਥੇ ਮੈਂ ਇੱਕ ਹਫ਼ਤਾ ਰਿਹਾ; ਫਿਰ ਮੁੰਬਈ ਲਈ ਅਗਲੀ ਉਡਾਣ ਲਈ, ਜਿੱਥੇ ਮੈਂ 10 ਦਿਨ ਰਿਹਾ। ਮੁੰਬਈ ਤੋਂ, ਮੈਂ ਐਮਸਟਰਡਮ ਗਿਆ, ਫਿਰ ਪਨਾਮਾ ਤੋਂ ਤਾਪਾਚੁਲਾ ਅਤੇ ਫਿਰ ਮੈਕਸੀਕੋ ਸਿਟੀ ਗਿਆ। ਮੈਕਸੀਕੋ ਸ਼ਹਿਰ ਤੋਂ ਸਾਨੂੰ ਸਰਹੱਦ ਪਾਰ ਕਰਨ ਵਿੱਚ 3-4 ਦਿਨ ਲੱਗ ਗਏ... ਅਸੀਂ ਅਮਰੀਕੀ ਅਧਿਕਾਰੀਆਂ ਨਾਲ ਸਹਿਯੋਗ ਕੀਤਾ, ਪਰ ਫਿਰ ਵੀ, ਕਿਸੇ ਨੇ ਸਾਡੀਆਂ ਅਪੀਲਾਂ ਨਹੀਂ ਸੁਣੀਆਂ। ਸਾਡੇ ਹੱਥ-ਪੈਰ ਬੰਨ੍ਹੇ ਹੋਏ ਸਨ... ਜਦੋਂ ਅਸੀਂ ਕੈਂਪ ਵਿੱਚ ਸੀ ਤਾਂ ਸਾਡੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਸਨ, ਅਤੇ ਸਾਡਾ ਘਰ ਵਾਪਸ ਕੋਈ ਸੰਪਰਕ ਨਹੀਂ ਸੀ... ਮੈਂ ਅਮਰੀਕੀ ਸਰਕਾਰ ਨੂੰ ਕੀ ਕਹਿ ਸਕਦਾ ਹਾਂ? ਉਨ੍ਹਾਂ ਨੇ ਸਭ ਕੁਝ ਨਿਯਮਾਂ ਅਨੁਸਾਰ ਕੀਤਾ..."
ਮੰਤਰੀਆਂ ਨੇ ਕੀਤੀ ਨੌਜਵਾਨਾਂ ਨਾਲ ਮੁਲਾਕਾਤ
ਇਸ ਦੌਰਾਨ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੀ ਮੌਜੂਦ ਸਨ। ਮੰਤਰੀ ਕੁਲਦੀਪ ਧਾਲੀਵਾਲ ਨੇ ਡਿਪੋਰਟ ਕੀਤੇ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹ ਕਿਨ੍ਹਾਂ ਹਾਲਾਤਾਂ ਵਿੱਚ ਅਮਰੀਕਾ ਗਏ ਹਨ। ਮੰਤਰੀ ਧਾਲੀਵਾਲ ਨੇ ਜਿਥੇ ਪੰਜਾਬ ਦੇ ਡਿਪੋਰਟ ਕੀਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਥੇ ਹੀ ਕਿਹਾ ਕਿ ਉਹ ਦੱਸਣ ਕਿ ਕਿਸ ਏਜੰਟ ਨੇ ਉਨ੍ਹਾਂ ਨੂੰ ਅਜਿਹੇ ਗਲਤ ਤਰੀਕੇ ਨਾਲ ਵਿਦੇਸ਼ ਭੇਜਿਆ ਹੈ, ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।