ਤਰਨ ਤਾਰਨ: ਅੱਜ ਦਾ ਦਿਨ ਸੜਕੀ ਹਾਦਸਿਆਂ ਦੀਆਂ ਖ਼ਬਰਾਂ ਨਾਲ ਚੱੜ੍ਹਿਆ। ਤਰਨ ਤਾਰਨ ਦੇ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਲੋਹਕਾ ਤੋਂ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਸਥਾਨਕ ਐਸਡੀਐਮ ਪ੍ਰੀਤਇੰਦਰ ਸਿੰਘ ਬੈਂਸ ਦੀ ਗੱਡੀ ਨਾਲ ਇੱਕ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਿਈ। ਇਸ ਹਾਦਸੇ 'ਚ ਮਾਂ-ਪੁੱਤ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸ਼ਿਵ ਅਤੇ ਰਾਜ ਕੌਰ ਵੱਜੋਂ ਹੋਈ ਹੈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ ਉਸ ਨੁੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਜ਼ਖਮੀ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।
SDM ਦੀ ਸਰਕਾਰੀ ਗੱਡੀ ਤੇ ਮੋਟਰਸਾਈਕਲ ’ਚ ਹੋਈ ਟੱਕਰ, ਦੋ ਦੀ ਮੌਤ (Etv Bharat) ਐਸਡੀਐਮ ਵੀ ਹੋਏ ਜ਼ਖਮੀ
ਇਸ ਹਾਦਸੇ ਦੌਰਾਨ ਪੱਟੀ ਦੇ ਐਸਡੀਐਮ ਪ੍ਰੀਤ ਇੰਦਰ ਸਿੰਘ ਬੈਂਸ ਵੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਲਾਈਫ ਲਾਈਨ ਰੈਸਕਿਊ ਸੰਸਥਾ ਦੇ ਮੁਖੀ ਅਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਉਨ੍ਹਾਂ ਨੂੰ ਫੋਨ ਕਾਲ ਆਈ ਸੀ ਕਿ ਪਿੰਡ ਲੋਹਕਾ ਨਜ਼ਦੀਕ ਇੱਕ ਗੱਡੀ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ। ਹਾਲਾਂਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਸ ਵਿੱਚ ਮਾਂ-ਪੁੱਤ ਦੋਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
SDM ਦੀ ਸਰਕਾਰੀ ਗੱਡੀ ਤੇ ਮੋਟਰਸਾਈਕਲ ’ਚ ਹੋਈ ਟੱਕਰ, ਦੋ ਦੀ ਮੌਤ (Etv Bharat) ਗਲਤ ਪਾਸਿਓ ਆ ਰਹੀ ਗੱਡੀ ਨੇ ਮਾਰੀ ਟੱਕਰ: ਪਰਿਵਾਰ
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸੂਰਜ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਉਸਦਾ ਛੋਟਾ ਭਰਾ ਤੇ ਉਸ ਦਾ ਭੂਆ ਦਾ ਲੜਕਾ ਉਸ ਦੀ ਮਾਂ ਰਾਜ ਕੌਰ ਦੀ ਪੈਨਸ਼ਨ ਦੇ ਖਾਤੇ ਨੂੰ ਬਦਲਣ ਸਬੰਧੀ ਕਚਹਿਰੀ ਤਰਨ ਤਾਰਨ ਵਿਖੇ ਜਾ ਰਹੇ ਸਨ ਕਿ ਪਿੰਡ ਲੋਹਕਾ ਨਜ਼ਦੀਕ ਤੇਜ਼ ਰਫਤਾਰ ਵਿੱਚ ਆ ਰਹੀ ਬਲੈਰੋ ਕਾਰ ਵੱਲੋਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ। ਜਿਸ ਨਾਲ ਉਸ ਦੀ ਮਾਂ ਅਤੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਉਸ ਦੀ ਭੂਆ ਦਾ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਗੱਡੀ ਗਲਤ ਪਾਸਿਓ ਆ ਰਹੀ ਸੀ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਉੱਥੇ ਹੀ ਇਸ ਮਾਮਲੇ ਸੰਬੰਧੀ ਥਾਣਾ ਸਿਟੀ ਪੱਟੀ ਦੇ ਐਸਐਚਓ ਹਰਪ੍ਰੀਤ ਸਿੰਘ ਵਿਰਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਲੋਹਕਾ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਦੋ ਮਾਂ ਪੁੱਤ ਦੀ ਮੌਤ ਹੋ ਗਈ ਹੈ, ਜਦ ਕਿ ਉਨ੍ਹਾਂ ਦਾ ਤੇਜਾ ਸਾਥੀ ਜ਼ਖਮੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਡੀ ਐਸਡੀਐਮ ਸਾਹਿਬ ਪੱਟੀ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ।