ਫਿਰੋਜ਼ਪੁਰ: ਸੂਬੇ 'ਚ ਪੰਚਾਇਤੀ ਚੋਣਾਂ ਨੂੰ ਲੈਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਵਿਚਾਲੇ ਫ਼ਿਰੋਜ਼ਪੁਰ ਦੇ ਜ਼ੀਰਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਦੇਖਣ ਨੂੰ ਮਿਲੀ ਹੈ। ਝੜਪ ਦੌਰਾਨ ਇੱਕ ਦੂਜੇ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਵੀ ਕੀਤਾ ਗਿਆ। ਇਸ ਦੌਰਾਨ ਗੋਲੀ ਚੱਲਣ ਦੀ ਗੱਲ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।
ਪੁਲਿਸ ਦੇ ਕਾਬੂ 'ਚ ਸਥਿਤੀ:ਐਸਐਸਪੀ (ETV BHARAT) ਨਾਮਜ਼ਦਗੀ ਦੌਰਾਨ ਚੱਲੀ ਗੋਲੀ
ਕਾਬਿਲੇਗੌਰ ਹੈ ਕਿ ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਪੰਚਾਇਤੀ ਚੋਣਾਂ 'ਚ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਚਲਾਏ ਗਏ ਇੱਟਾਂ-ਰੋੜੇ ਤੇ ਗੋਲੀਬਾਰੀ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਜ਼ਖ਼ਮੀ ਹੋ ਗਏ। ਇਸ ਮੌਕੇ ਪੁਲਿਸ ਵੱਲੋਂ ਬੜੀ ਮੁਸ਼ੱਕਤ ਨਾਲ ਮਾਹੌਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇਸ ਦੌਰਾਨ ਕਈ ਹਵਾਈ ਫਾਇਰ ਵੀ ਕੀਤੇ ਗਏ।
ਜੰਗ ਦਾ ਮੈਦਾਨ ਬਣੀ ਸਰਪੰਚੀ ਦੀ ਚੋਣ (ETV BHARAT) ਸਾਬਕਾ ਵਿਧਾਇਕ ਜ਼ੀਰਾ ਦਾ ਇਲਜ਼ਾਮ
ਇਸ ਮੌਕੇ ਕੁਲਬੀਰ ਜ਼ੀਰਾ ਨੇ ਦੋਸ਼ ਲਗਾਏ ਕਿ ਸੱਤਾ ਦੇ ਨਸ਼ੇ 'ਚ ਚੂਰ ਹਲਕਾ ਵਿਧਾਇਕ ਤੇ ਉਸ ਦੇ ਕ਼ਰਿੰਦਿਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਕਾਂਗਰਸੀ ਉਮੀਦਵਾਰਾਂ ਨੂੰ ਸਰਪੰਚੀ ਤੇ ਪੰਚੀ ਦੇ ਐਨਓਸੀ ਤੇ ਦੂਜੇ ਕਾਗਜ਼ ਮੁਹੱਈਆ ਨਹੀਂ ਕਰਵਾਏ ਜਾ ਰਹੇ ਹਨ। ਇਸ ਦੌਰਾਨ ਸਾਬਕਾ ਵਿਧਾਇਕ ਜ਼ੀਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਸੀ ਪਰ ਬਾਵਜੂਦ ਇਸ ਦੇ ਪੁਲਿਸ ਵਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਇਸ ਦੌਰਾਨ ਜ਼ੀਰਾ ਨੇ ਕਿਹਾ ਕਿ ਉਹ ਪੁਲਿਸ ਨੂੰ ਪਹਿਲਾਂ ਹੀ ਵਟਸਐਪ ਗਰੁੱਪਾਂ 'ਚ ਜਾਣਕਾਰੀ ਦੇ ਚੁੱਕੇ ਸੀ।
ਪੁਲਿਸ ਦੇ ਕਾਬੂ 'ਚ ਸਥਿਤੀ:ਐਸਐਸਪੀ
ਉਧਰ ਇਸ ਮਾਮਲੇ ਨੂੰ ਲੈਕੇ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਦਾ ਕਹਿਣਾ ਕਿ ਜ਼ੀਰਾ ਡਿਵੀਜਨ 'ਚ ਸਰਪੰਚੀ ਦੀ ਚੋਣ ਲਈ ਨਾਮਜ਼ਰਗੀ ਭਰਨ ਆਏ ਦੋ ਗੁੱਟਾਂ 'ਚ ਤਕਰਾਰ ਹੋਈ ਹੈ। ਜਿਸ 'ਚ ਪੱਥਰਬਾਜ਼ੀ ਵੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਦਖ਼ਲ ਦੇਕੇ ਸਥਿਤੀ ਨੂੰ ਕਾਬੂ 'ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੈ, ਉਹ ਅਸੀਂ ਅੱਗੇ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਲੜਾਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦੋ ਗੁੱਟਾਂ 'ਚ ਹੋਈ ਹੈ, ਜੋ ਕੈਮਰਿਆਂ 'ਚ ਰਿਕਾਰਡ ਵੀ ਹੋਈ ਹੈ। ਐਸਐਸਪੀ ਨੇ ਕਿਹਾ ਕਿ ਮਾਮਲੇ 'ਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ ਤੇ ਪੁਲਿਸ ਨੂੰ ਸਥਿਤੀ 'ਤੇ ਕਾਬੂ ਕਰਨ ਲਈ ਮੌਕੇ 'ਤੇ ਜੋ ਠੀਕ ਲੱਗਾ ਉਨ੍ਹਾਂ ਨੇ ਉਹ ਸਭ ਕੀਤਾ।