ਚੰਡੀਗੜ੍ਹ:ਪੰਜਾਬ 'ਚ ਡਾਕਟਰ ਅੱਜ ਯਾਨੀ ਸੋਮਵਾਰ ਤੋਂ ਹੜਤਾਲ 'ਤੇ ਹਨ। ਸ਼ਨੀਵਾਰ ਦੇਰ ਸ਼ਾਮ ਸਰਕਾਰ ਨੇ ਡਾਕਟਰਾਂ ਨੂੰ ਮਨਾਉਣ ਲਈ ਭਰੋਸੇ ਨਾਲ ਭਰਿਆ ਪੱਤਰ ਜਾਰੀ ਕੀਤਾ ਸੀ। ਡਾਕਟਰਾਂ ਵਲੋਂ ਸਰਕਾਰ ਤੋਂ ਸੁੱਰਖਿਆ, ਭਰਤੀ ਤੇ ਪ੍ਰਮੋਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨਹੀਂ ਕੀਤੀ ਸਗੋਂ ਇਸ ਨੂੰ ਤਿੰਨ ਪੜਾਵਾਂ ਵਿੱਚ ਵੰਡ ਦਿੱਤਾ ਹੈ। ਅੱਜ ਤੋਂ ਸਰਕਾਰੀ ਹਸਪਤਾਲਾਂ ਵਿੱਚ ਰਾਤ 11 ਵਜੇ ਤੱਕ ਓਪੀਡੀ ਨਹੀਂ ਚੱਲੇਗੀ।
ਕਿਹੜੀਆਂ ਸੇਵਾਵਾਂ ਰਹਿਣਗੀਆਂ ਜਾਰੀ ਤੇ ਕਿਹੜੀਆਂ ਨਹੀਂ
- 9 ਸਤੰਬਰ ਤੋਂ 11 ਸਤੰਬਰ ਤੱਕ,ਸਿਰਫ਼ ਸਿਜ਼ੇਰੀਅਨ ਅਤੇ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ।
- ਡਰਾਈਵਿੰਗ ਲਾਇਸੈਂਸ ਤੇ ਹਥਿਆਰਾਂ ਦੇ ਲਾਇਸੈਂਸ ਲਈ ਮੈਡੀਕਲ, ਜਨਰਲ ਮੈਡੀਕਲ ਅਤੇ ਭਰਤੀ ਸਬੰਧੀ ਮੈਡੀਕਲ ਤੇ ਡੋਪ ਟੈਸਟ ਆਦਿ ਨਹੀਂ ਕੀਤੇ ਜਾਣਗੇ।
- ਇਸ ਦੇ ਨਾਲ ਹੀ ਕੋਈ ਵੀਆਈਪੀ ਡਿਊਟੀ ਵੀ ਨਹੀਂ ਕੀਤੀ ਜਾਵੇਗੀ।
ਕਿਸ ਤਰ੍ਹਾਂ ਚੱਲੇਗੀ 3 ਪੜਾਅ ਵਿੱਚ ਹੜਤਾਲ
ਸਰਕਾਰ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨੂੰ ਤਿੰਨ ਪੜਾਵਾਂ ਵਿੱਚ ਬਦਲ ਦਿੱਤਾ ਹੈ। ਪਹਿਲਾ ਪੜਾਅ 9 ਤੋਂ 11 ਸਤੰਬਰ ਤੱਕ ਚੱਲੇਗਾ। ਇਸ ਦੌਰਾਨ ਓਪੀਡੀ ਸੇਵਾਵਾਂ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ ਬੰਦ ਰਹਿਣਗੀਆਂ। ਦੂਜਾ ਪੜਾਅ 12 ਤੋਂ 15 ਸਤੰਬਰ ਤੱਕ ਹੋਵੇਗਾ। ਜਿਸ ਵਿੱਚ ਓ.ਪੀ.ਡੀ. ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ। ਤੀਜਾ ਪੜਾਅ 16 ਸਤੰਬਰ ਤੋਂ ਬਾਅਦ ਹੋਵੇਗਾ। ਇਸ ਵਿੱਚ ਡਾਕਟਰ ਓਪੀਡੀ ਦੇ ਨਾਲ-ਨਾਲ ਮੈਡੀਕੋ ਲੀਗਲ ਕਰਨ ਤੋਂ ਸਾਫ਼ ਇਨਕਾਰ ਕਰਨਗੇ।
ਮੁੜ ਹੋਵੇਗੀ ਮੀਟਿੰਗ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਦੇ ਬਾਵਜੂਦ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। 11 ਸਤੰਬਰ ਨੂੰ ਡਾਕਟਰਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਵੀ ਹੋਣ ਜਾ ਰਹੀ ਹੈ। ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਕੇ ਸਾਰੀਆਂ ਮੰਗਾਂ 'ਤੇ ਵਿਚਾਰ ਕੀਤਾ ਜਾਵੇਗਾ। ਐਸੋਸੀਏਸ਼ਨ ਵੱਲੋਂ ਇਹ ਅੰਦੋਲਨ ਹਸਪਤਾਲ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਅਤੇ ਰੈਗੂਲਰ ਤਨਖ਼ਾਹਾਂ ਵਿੱਚ ਵਾਧੇ ਦੇ ਹੁਕਮ ਜਾਰੀ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਤੱਕ ਉਨ੍ਹਾਂ ਦੀ ਸਮੇਂ ਸਿਰ ਤਨਖ਼ਾਹ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਹ ਆਪਣੀ ਹੜਤਾਲ ਵਾਪਸ ਨਹੀਂ ਲੈਣਗੇ। ਸਰਕਾਰ ਵੱਲੋਂ ਬਣਾਈ ਗਈ ਕੈਬਨਿਟ ਸਬ-ਕਮੇਟੀ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਚੀਮਾ ਕਰਨਗੇ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਨੀਵਾਰ ਦੇਰ ਸ਼ਾਮ ਇਕ ਪੱਤਰ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਮੇਟੀਆਂ ਬਣਾਉਣ ਦੇ ਆਦੇਸ਼ ਦਿੱਤੇ ਸਨ। ਜਾਰੀ ਪੱਤਰ ਅਨੁਸਾਰ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਸਬੰਧੀ ਕਮੇਟੀ ਬਣਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਡੀਸੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ ਜਿਸ ਦਾ ਨਾਮ ਜ਼ਿਲ੍ਹਾ ਸਿਹਤ ਬੋਰਡ ਹੋਵੇਗਾ।