ਪਟਿਆਲਾ ਵਿਖੇ ਲੱਗੇ ਮੇਲੇ ਵਿੱਚ ਡਿੱਗਿਆ ਝੂਲਾ ! ਪਟਿਆਲਾ :ਰਾਜਪੁਰ ਰੋਡ 'ਤੇ ਸਥਿਤ ਕੁਮਾਰ ਸਭਾ ਸਕੂਲ ਦੇ ਗਰਾਊਂਡ 'ਚ ਲੱਗੇ ਮੇਲੇ ਦੌਰਾਨ ਝੂਲਾ ਡਿੱਗਣ ਕਾਰਨ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਹਨ। ਦੋਵੇਂ ਔਰਤਾਂ ਨਵੇਂ ਬੱਸ ਸਟੈਂਡ ਨੇੜੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੋਵੇਂ ਔਰਤਾਂ ਮਾਂ-ਧੀ ਦੱਸੀਆਂ ਜਾ ਰਹੀਆਂ ਹਨ। ਦੂਜੇ ਪਾਸੇ ਇਸ ਸਬੰਧੀ ਥਾਣਾ ਲਾਹੌਰੀ ਗੇਟ ਦਾ ਕਹਿਣਾ ਹੈ ਕਿ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਸੂਚਨਾ ਉਨ੍ਹਾਂ ਕੋਲ ਪਹੁੰਚ ਗਈ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
2 ਔਰਤਾਂ ਦੇ ਜਖਮੀ ਹੋਣ ਦੀ ਖਬਰ:ਰਜਿੰਦਰ ਕੌਸਲ ਫਾਇਰ ਸਟੇਸ਼ਨ ਅਫ਼ਸਰ ਇੰਚਾਰਜ ਪਟਿਆਲਾ ਦਾ ਕਹਿਣਾ ਇਹ ਹੈ ਕਿ ਉਨ੍ਹਾਂ ਨੂੰ ਦਫਤਰ ਵੱਲੋਂ ਨਹੀਂ, ਸਗੋਂ ਉਨ੍ਹਾਂ ਦੇ ਕਿਸੇ ਨਿਜੀ ਜਾਣਕਾਰ ਵੱਲੋਂ ਸੂਚਨਾ ਮਿਲੀ ਸੀ ਕਿ ਇਸ ਫਿਸ਼ ਵਰਲਡ ਕਾਰਨੀਵਲ ਮੇਲੇ ਵਿੱਚ ਦੁਰਘਟਨਾ ਹੋਈ ਹੈ। ਜਦੋਂ ਉਹ ਪਹੁੰਚੇ, ਤਾਂ ਦੁਰਘਟਨਾਂ ਵਿੱਚ ਜਖ਼ਮੀ ਹੋਈਆਂ ਔਰਤਾਂ ਨੂੰ ਹਸਪਤਾਲ ਲਿਜਾ ਚੁੱਕੇ ਸੀ। ਉਨ੍ਹਾਂ ਨੇ ਇੱਥੇ ਆ ਕੇ ਮੇਲੇ ਦੇ ਪ੍ਰਬੰਧਕਾਂ ਨੂੰ ਫੋਨ ਕੀਤਾ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਾਹਰ ਹਨ, ਯਾਨੀ ਮੌਕੇ ਉੱਤੇ ਮੇਲੇ ਵਿੱਚ ਕੋਈ ਵੀ ਪ੍ਰਬੰਧਕ ਨਹੀਂ ਮਿਲਿਆ।
ਮੇਲੇ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਕਮੀ:ਜਦੋਂ ਮੇਲੇ ਵਿੱਚ ਲੱਗੇ ਸੁਰੱਖਿਆ ਸਬੰਧੀ ਪ੍ਰਬੰਧਾਂ ਦੀ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਮੇਲੇ ਵਿੱਚ 10 ਦੇ ਕਰੀਬ ਫਾਇਰ ਸੈਫਟੀ ਯੰਤਰ ਲੱਗੇ ਹਨ। ਐਂਟਰੀ ਗੇਟ ਭਾਵੇਂ ਇੱਕ ਹੋਵੇ, ਪਰ ਐਗਜ਼ਿਟ ਗੇਟ 2 ਘੱਟੋ-ਘੱਟ ਹੋਣੇ ਚਾਹੀਦੇ ਹਨ। ਐਮਰਜੈਂਸੀ ਮੌਕੇ ਐਗਜ਼ਿਟ ਗੇਟ ਉੱਤੇ ਪ੍ਰਬੰਧ ਪੂਰੇ ਹੋਣੇ ਚਾਹੀਦੇ ਹਨ। ਇਹ ਕੁਤਾਹੀ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਵੇਰੇ ਜੋ ਕਮੀਆਂ ਲੱਗੀਆਂ, ਇਨ੍ਹਾਂ ਨੂੰ (ਮੇਲੇ ਦੇ ਪ੍ਰਬੰਧਕਾਂ) ਨੂੰ ਦੱਸਿਆ ਗਿਆ ਸੀ। ਫਿਰ ਵੀ ਕਮੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ, ਤਾਂ ਇਸ ਦੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਵਲੋਂ ਮੇਲਾ ਪ੍ਰਬੰਧਕਾਂ ਦੀ ਭਾਲ:ਥਾਣਾ ਲੋਹਰੀ ਗੇਟ ਦੇ ਐਸਐਚਓ ਵੀ ਸੂਚਨਾ ਮਿਲਦੇ ਸਾਰ ਮੇਲੇ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਨੇ ਆਪਣੀ ਟੀਮ ਨਾਲਾ ਸਾਰੇ ਮਾਮਲਾ ਦੀ ਜਾਂਚ ਸ਼ੁਰੂ ਕੀਤੀ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਉਸ ਸਮੇਂ ਮੌਕੇ ਉੱਤੇ ਪੁਲਿਸ ਨੂੰ ਵੀ ਮੇਲੇ ਦਾ ਕੋਈ ਪ੍ਰਬੰਧਕ ਨਹੀਂ ਮਿਲਿਆ, ਪਰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮੇਲੇ ਦੇ ਪ੍ਰਬੰਧਕ ਆ ਰਹੇ ਹਨ ਅਤੇ ਪੂਰੇ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਸ ਦੀ ਵੀ ਗ਼ਲਤੀ ਹੋਵੇਗੀ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।