ਮੌਸਮ ਦੀ ਅਪਡੇਟ (etv bharat) ਲੁਧਿਆਣਾ:ਦੇਸ਼ ਦੇ ਕਈ ਰਾਜਾਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਵਿੱਚ ਆਉਂਦੇ ਦੋ ਦਿਨ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਲੁਧਿਆਣੇ ਦੇ ਵਿੱਚ ਟੈਂਪਰੇਚਰ ਲਗਭਗ 42 ਡਿਗਰੀ ਰਿਹਾ ਹੈ। ਜਦੋਂ ਕਿ ਰਾਤ ਨੂੰ ਵੀ ਪਾਰਾ ਕਾਫੀ ਵੱਧ ਰਿਹਾ ਹੈ।
ਪਿਛਲੇ ਸਾਲ ਮਈ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਲਗਭਗ 48 ਐਮਐਮ ਦੇ ਕਰੀਬ ਮੀਂਹ ਵੇਖਣ ਨੂੰ ਮਿਲਿਆ ਸੀ ਜਦੋਂ ਕਿ ਇਸ ਸਾਲ ਮਈ ਮਹੀਨਾ ਪੂਰੀ ਤਰ੍ਹਾਂ ਸੁੱਕਾ ਰਿਹਾ ਹੈ ਅਤੇ ਦੋ ਐਮਐਮ ਤੋਂ ਵੀ ਘੱਟ ਮੀਂਹ ਦਰਜ ਹੋਇਆ ਹੈ।
ਤਾਪਮਾਨ ਵੀ ਪਿਛਲੇ ਸਾਲ ਐਵਰੇਜ਼ ਮਈ ਮਹੀਨੇ ਵਿੱਚ 35 ਡਿਗਰੀ ਰਿਹਾ ਸੀ, ਜਦੋਂ ਕਿ ਇਸ ਸਾਲ 40 ਡਿਗਰੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਫਿਲਹਾਲ ਆਉਂਦੇ ਦੋ ਦਿਨ ਤੱਕ ਗਰਮੀ ਪਵੇਗੀ ਪਰ ਨਾਲ ਹੀ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਕਿਤੇ-ਕਿਤੇ ਮਿਲ ਸਕਦੀ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਸਿੱਧਾ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਹਾਲੇ ਵੀ ਗਰਮੀ ਲਗਾਤਾਰ ਪੈ ਰਹੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਨਾਲੋਂ ਅਸਰ ਜ਼ਰੂਰ ਘਟਿਆ ਹੈ ਪਰ ਫਿਰ ਵੀ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਪੀਣ।
ਉਨ੍ਹਾਂ ਕਿਹਾ ਕਿ ਮਈ ਮਹੀਨਾ ਪੂਰੀ ਤਰ੍ਹਾਂ ਸੁੱਕਾ ਰਿਹਾ ਹੈ, ਜਿਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਪੱਛਮੀ ਚੱਕਰਵਾਤ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਪੰਜਾਬ ਨੂੰ ਹੀਟ ਵੇਵ ਦਾ ਅਸਰ ਜਿਆਦਾ ਵੇਖਣ ਨੂੰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ ਦੋ ਤਿੰਨ ਦਿਨ ਲਈ ਇੱਕ ਸਿਸਟਮ ਜ਼ਰੂਰ ਨਵਾਂ ਵਿਕਸਤ ਹੋਇਆ ਹੈ ਪਰ ਇਸ ਦਾ ਅਸਰ ਬਹੁਤ ਘੱਟ ਹੈ, ਇਸ ਕਰਕੇ ਲੋਕ ਜ਼ਰੂਰ ਗਰਮੀ ਦਾ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਕਿਸਾਨ ਵੀ ਜਿਹੜੇ ਪਨੀਰੀ ਲਗਾ ਰਹੇ ਹਨ, ਉਹ ਸਵੇਰੇ ਜਾਂ ਸ਼ਾਮ ਵੇਲੇ ਹੀ ਜ਼ਿਆਦਾ ਕੰਮ ਕਰਨ ਅਤੇ ਦੁਪਹਿਰ ਵੇਲੇ ਕੰਮ ਕਰਨ ਤੋਂ ਗੁਰੇਜ਼ ਕਰਨ।