ਕੇਰਲਾ:ਤਿਰੂਵਨੰਤਪੁਰਮ ਵਿੱਚ ਰਹਿੰਦੇ ਸਿੱਖ ਭਾਈਚਾਰੇ ਲਈ ਸਰਕਾਰ ਵਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ। ਸਿੱਖ ਭਾਈਚਾਰ ਵਲੋਂ ਲੰਬੇ ਸਮੇਂ ਤੋਂ ਇੱਥੇ ਗੁਰਦੁਆਰਾ ਬਣਾਉਣ ਦੀ ਮੰਗ ਸੀ, ਜੋ ਕਿ ਜਲਦ ਪੂਰੀ ਹੋਣ ਜਾ ਰਹੀ ਹੈ। ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ ਹੈ। ਸੂਬਾ ਸਰਕਾਰ ਵਲੋਂ ਕਰਮਾਨਾ ਦੇ ਸ਼ਾਸਤਰੀ ਨਗਰ ਵਿੱਚ 25 ਸੈਂਟ ਜ਼ਮੀਨ ਅਲਾਟ ਕੀਤੀ ਗਈ ਹੈ। ਇੱਥੇ ਬਣਾਇਆ ਜਾਣ ਵਾਲਾ ਇਹ ਗੁਰਦੁਆਰਾ ਕੋਚੀ ਤੋਂ ਬਾਅਦ ਕੇਰਲ ਦਾ ਦੂਜਾ ਗੁਰਦੁਆਰਾ ਹੋਵੇਗਾ, ਜਿੱਥੇ ਉੱਥੋ ਦੇ ਨਾਗਰਿਕ ਖਾਸਕਰ ਸਿੱਖ ਧਰਮ ਨਾਲ ਸਬੰਧਤ ਲੋਕ ਆਪਣੇ ਗੁਰਪੁਰਬ ਮਨਾ ਸਕਣਗੇ ਅਤੇ ਬਾਣੀ ਨਾਲ ਜੁੜ ਸਕਣਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ
ਇਹ ਸ਼ਹਿਰ (ਤਿਰੂਵਨੰਤਪੁਰਮ) ਸਿੱਖ ਭਾਈਚਾਰੇ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ, ਕਿਉਂਕਿ ਸਿੱਖਾਂ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਦੇ ਸ਼ੁਰੂ ਵਿੱਚ ਤਿਰੂਵਨੰਤਪੁਰਮ ਦਾ ਦੌਰਾ ਕੀਤਾ ਸੀ।
ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕੀਤੀ ਸ਼ਮੂਲੀਅਤ
ਤਿਰੂਵਨੰਤਪੁਰਮ ਦੇ ਪਹਿਲੇ ਸਿਵਲੀਅਨ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਮੌਕੇ ਕਾਂਗਰਸੀ ਨੇਤਾ ਅਤੇ ਤਿਰੂਵਨੰਤਪੁਰਮ ਤੋਂ ਸਾਂਸਦ ਸ਼ਸ਼ੀ ਥਰੂਰ ਵੀ ਸ਼ਾਮਲ ਹੋਏ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ (X) ਉੱਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਸ਼ਸ਼ੀ ਥਰੂਰ ਨੇ ਲਿਖਿਆ ਕਿ, "ਇਸ ਮੌਕੇ ਹਾਜ਼ਰ ਹੋ ਕੇ ਮਾਣ ਅਤੇ ਖੁਸ਼ੀ ਹੋਈ। ਇਸ ਸ਼ੁਭ ਮੌਕੇ 'ਤੇ ਰੱਖੀ ਜਾਣ ਵਾਲੀ ਇੱਟ ਭੇੱਟ ਕੀਤੀ ਅਤੇ ਤਿਰੂਵਨੰਤਪੁਰਮ ਦਾ ਛੋਟਾ ਸਿੱਖ ਭਾਈਚਾਰਾ (ਕੁਝ ਬਾਹਰੀ ਸੈਲਾਨੀਆਂ ਦੁਆਰਾ ਸਮਰਥਤ) ਵਾਹਿਗੁਰੂ ਦੀਆਂ ਅਸੀਸਾਂ ਲਈ ਪ੍ਰਾਰਥਨਾ ਕਰਨ ਵਿੱਚ ਸ਼ਾਮਲ ਹੋਇਆ। ਕੇਰਲਾ ਦੀ ਰਾਜਧਾਨੀ ਵਿੱਚ 20 ਸਿੱਖ ਪਰਿਵਾਰ ਹਨ, ਕੋਚੀ ਵਿੱਚ ਲਗਭਗ 75, ਅਤੇ ਅਸੀਂ ਗੁਰਦੁਆਰਾ ਪੂਰਾ ਹੋਣ ਤੋਂ ਬਾਅਦ ਹੋਰ ਸ਼ਰਧਾਲੂਆਂ ਦੀ ਉਮੀਦ ਕਰਦੇ ਹਾਂ।"
ਜ਼ਿਕਰਯੋਗ ਹੈ ਕਿ ਤਿਰੂਵਨੰਤਪੁਰਮ ਵਿੱਚ ਇੱਕ ਹੋਰ ਗੁਰਦੁਆਰਾ ਹੈ, ਪਰ ਇਹ ਪੰਗੋਡੇ ਵਿਖੇ ਫੌਜੀ ਛਾਉਣੀ ਦੇ ਅੰਦਰ ਸਥਿਤ ਹੈ। ਇਸ ਲਈ ਸੁਰੱਖਿਆ ਕਾਰਨਾਂ ਕਰਕੇ ਆਮ ਲੋਕਾਂ ਨੂੰ ਗੁਰਦੁਆਰੇ ਜਾਣ ਅਤੇ ਅਰਦਾਸ ਕਰਨ ਵਿੱਚ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਸਿੱਖ ਭਾਈਚਾਰੇ ਵਲੋਂ ਫੌਜੀ ਛਾਉਣੀ ਤੋਂ ਬਾਹਰ ਗੁਰੂ ਘਰ ਬਣਾਉਣ ਦੀ ਮੰਗ ਨੂੰ ਆਖਿਰ ਸੂਬਾ ਸਰਕਾਰ ਨੇਪਰੇ ਚਾੜ੍ਹਨ ਦੀ ਤਿਆਰ ਕਰ ਚੁੱਕੀ ਹੈ। ਜਲਦ ਹੀ ਇੱਥੇ ਗੁਰੂ ਘਰ ਬਣ ਕੇ ਤਿਆਰ ਹੋਵੇਗਾ।