ਡੀਐੱਸਪੀ (ETV BHARAT PUNJAB (ਰਿਪੋਟਰ ਸੰਗਰੂਰ)) ਸੰਗਰੂਰ:ਲਹਿਰਾਗਾਗਾ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਮੁਤਾਬਿਕ ਪਰਿਵਾਰ ਦੇ ਛੇ ਲੋਕਾਂ ਨੇ ਮਿਲ ਕੇ ਇੱਕ ਬਜ਼ੁਰਗ ਦਾ ਕਤਲ ਕੀਤਾ। ਕਤਲ ਦੇ ਇਲਜ਼ਾਮ ਹੇਠ ਪੁਲਿਸ ਨੇ ਮ੍ਰਿਤਕ ਬਜ਼ੁਰਗ ਭੂਰਾ ਸਿੰਘ ਦੀ ਪਤਨੀ, ਬੇਟਾ, ਨੂੰਹ ਅਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦ ਕਿ ਬੇਟੇ ਦੇ ਸਹੁਰਾ ਅਤੇ ਸੱਸ ਦੀ ਗ੍ਰਿਫ਼ਤਾਰੀ ਬਾਕੀ ਹੈ।
ਨਹਿਰ ਵਿੱਚੋਂ ਲਾਸ਼ ਬਰਾਮਦ
ਲਹਿਰਾਗਾਗਾ ਦੇ ਡੀਐੱਸਪੀ ਦੀਪਇੰਦਰ ਸਿੰਘ ਜੇਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੇੜਲੇ ਪਿੰਡ ਭਟਾਲ ਕਲਾਂ ਦਾ ਭੂਰਾ ਸਿੰਘ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ ਅਤੇ ਜਿਸ ਦੀ ਜਾਣਕਾਰੀ ਸਿਰਫ ਉਹਨਾਂ ਦੇ ਪਰਿਵਾਰ ਨੂੰ ਸੀ ਪਰ ਉਸ ਤੋਂ ਬਾਅਦ ਢਹਾਣਾ ਨੇੜਿਓਂ ਨਹਿਰ ਵਿੱਚੋਂ ਇੱਕ ਲਾਸ਼ ਬਰਾਮਦ ਹੋਈ। ਜਿਸ ਦੇ ਹੱਥ ਪੈਰ ਬੰਨੇ ਹੋਏ ਸਨ, ਜਦੋਂ ਉਸਦੀ ਸ਼ਨਾਖਤ ਕੀਤੀ ਜਾਂਦੀ ਹੈ ਤਾਂ ਉਹ ਭੂਰਾ ਸਿੰਘ ਵਾਸੀ ਭਟਾਲ ਕਲਾਂ ਵਜੋਂ ਹੁੰਦੀ ਹੈ।
ਛੇ ਲੋਕਾਂ ਨੇ ਮਿਲ ਕੇ ਕੀਤਾ ਕਤਲ
ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਤਾਂ ਇਹ ਕਤਲ ਛੇ ਲੋਕਾਂ ਨੇ ਮਿਲ ਕੇ ਕੀਤਾ ਸੀ, ਜਿਸ ਵਿੱਚ ਮ੍ਰਿਤਕ ਭੂਰਾ ਸਿੰਘ ਦੀ ਪਤਨੀ ਉਹਨਾਂ ਦਾ ਬੇਟਾ ਤਰਸੇਮ ਸਿੰਘ ਬੇਟੇ ਦੀ ਪਤਨੀ ਅਤੇ ਮ੍ਰਿਤਕ ਭੂਰਾ ਸਿੰਘ ਦੀ ਧੀ ਸ਼ਾਮਿਲ ਸਨ। ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਸ ਮਾਮਲੇ ਦੇ ਵਿੱਚ ਮ੍ਰਿਤਕ ਭੂਰਾ ਸਿੰਘ ਦੇ ਬੇਟੇ ਤਰਸੇਮ ਸਿੰਘ ਦੇ ਸੱਸ ਅਤੇ ਸਹੁਰਾ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਪੁਰਾਣੀ ਪਰਿਵਾਰਕ ਰੰਜਿਸ਼
ਪੁਲਿਸ ਨੇ ਕਿਹਾ ਕਿ ਇਸ ਪੂਰੇ ਮਾਮਲੇ ਸਬੰਧੀ ਥਾਣਾ ਲਹਿਰਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ, ਚਾਰ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕਤਲ ਦੇ ਪਿੱਛੇ ਦਾ ਕਾਰਣ ਡੀਐੱਸਪੀ ਨੇ ਪੁਰਾਣੀ ਪਰਿਵਾਰਕ ਰੰਜਿਸ਼ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭੂਰਾ ਸਿੰਘ ਪਹਿਲਾਂ ਘਰੋਂ ਬਾਹਰ ਰਹਿੰਦਾ ਸੀ ਅਤੇ ਕੁੱਝ ਸਮਾਂ ਪਹਿਲਾਂ ਮੁੜ ਘਰ ਰਹਿਣ ਲੱਗ ਗਿਆ ਸੀ, ਜਿਸ ਤੋਂ ਬਾਅਦ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।