LETTER DISQUALIFYING BHARAT BHUSHAN ਲੁਧਿਆਣਾ:ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਸੂਚੀਆਂ ਜਾਰੀ ਹੋ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਸਿਆਸਤ ਵੀ ਗਰਮਾਉਂਦੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਇੱਕ ਲੈਟਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੱਲੋਂ ਲਿਖਿਆ ਗਿਆ ਹੈ ਕਿ ਭਾਰਤ ਭੂਸ਼ਣ ਆਸ਼ੂ 'ਤੇ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ, ਇਸ ਕਰਕੇ ਉਹ ਲੁਧਿਆਣਾ ਲੋਕ ਸਭਾ ਲਈ ਯੋਗ ਉਮੀਦਵਾਰ ਨਹੀਂ ਹੈ।
ਸੰਜੇ ਤਲਵਾਰ ਨੇ ਦਿੱਤੀ ਸਫ਼ਾਈ:ਇਸ ਲੈਟਰ ਨੂੰ ਲੈ ਕੇ ਸਾਬਕਾ ਐਮਐਲਏ ਅਤੇ ਕਾਂਗਰਸ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਸਫਾਈ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇਹ ਲੈਟਰ ਫਰਜ਼ੀ ਹੈ ਨਾ ਹੀ ਉਹਨਾਂ ਦੇ ਇਹ ਸਾਈਨ ਹਨ। ਉਹਨਾਂ ਕਿਹਾ ਕਿ ਇਹ ਕਿਸੇ ਨੇ ਜਾਣਬੁੱਝ ਕਿ ਸੋਸ਼ਲ ਮੀਡੀਆ ।ਤੇ ਵਾਇਰਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਵੀ ਇਹ ਸ਼ਰਮਨਾਕ ਅਤੇ ਘਟੀਆ ਹਰਕਤ ਕੀਤੀ ਗਈ ਹੈ ਉਸ ਖਿਲਾਫ ਉਹ ਮਾਮਲਾ ਦਰਜ ਕਰਵਾਉਣਗੇ। ਸੰਜੇ ਤਲਵਾਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਜੇਕਰ ਲੁਧਿਆਣਾ ਦੇ ਵਿੱਚ ਕਿਸੇ ਨੂੰ ਵੀ ਟਿਕਟ ਦਿੰਦੇ ਹਨ ਤਾਂ ਲੁਧਿਆਣਾ ਦੇ ਹੱਕ ਦੇ ਵਿੱਚ ਹੀ ਨਤੀਜੇ ਆਉਣਗੇ।
ਕਥਿਤ ਲੈਟਰ ਸੋਸ਼ਲ ਮੀਡੀਆ ਉੱਤੇ ਵਾਇਰਲ ਅਕਾਲੀ ਦਲ ਨੇ ਆਖੀ ਇਹ ਗੱਲ:ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਇਸ ਮੁੱਦੇ ਨੂੰ ਲੈ ਕੇ ਕਿਹਾ ਹੈ ਕਿ ਰਾਜਨੀਤੀ ਦੇ ਵਿੱਚ ਹੁਣ ਲਗਾਤਾਰ ਪੱਧਰ ਹੇਠਾਂ ਡਿੱਗਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਾਮ ਨੂੰ ਕੋਈ ਕਿਸੇ ਪਾਰਟੀ ਦਾ ਝੰਡਾ ਚੁੱਕੀ ਫਿਰਦਾ ਹੈ ਅਤੇ ਸਵੇਰੇ ਦੂਜੀ ਪਾਰਟੀ ਦਾ ਝੰਡਾ ਚੁੱਕ ਲੈਂਦਾ ਹੈ। ਉਹਨਾਂ ਕਿਹਾ ਕਿ ਅਜਿਹਾ ਮਤਾ ਪਾਸ ਕਰ ਦੇਣਾ ਚਾਹੀਦਾ ਹੈ ਕਿ ਜਿਹੜਾ ਕੋਈ ਆਗੂ ਇੱਕ ਪਾਰਟੀ ਛੱਡ ਕੇ ਦੂਜੀ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਘੱਟੋ ਘੱਟ ਦੋ ਸਾਲ ਲਈ ਪਾਰਟੀ ਵੱਲੋਂ ਕੋਈ ਅਹੁਦਾ ਜਾਂ ਟਿਕਟ ਨਹੀਂ ਦੇਣੀ ਚਾਹੀਦੀ।
ਫੇਸਬੁੱਕ ਅਕਾਊਂਟ ਉੱਤੇ ਪੋਸਟ:ਦੱਸ ਦਈਏ ਕਿ ਇਸ ਲੈਟਰ ਦੇ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਦਸਤਖਤ ਕਰਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਨਾ ਦੇਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਸ ਲੈਟਰ ਨੂੰ ਬੀਜੇਪੀ ਲੁਧਿਆਣਾ ਦੇ ਪੇਜ ਉੱਤੇ ਵੀ ਅਪਲੋਡ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸੇ ਵਿਚਾਲੇ ਲੁਧਿਆਣਾ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾਰ ਨੇ ਇਸ ਲੈਟਰ ਨੂੰ ਆਪਣੀ ਫੇਸਬੁੱਕ ਅਕਾਊਂਟ ਉੱਤੇ ਪੋਸਟ ਕੀਤਾ ਹੈ ਅਤੇ ਕਿਹਾ ਕਿ ਇਹ ਫੇਕ ਲੈਟਰ ਨੂੰ ਪੋਸਟ ਕੀਤਾ ਗਿਆ ਹੈ।
ਲੈਟਰ 'ਚ ਕੀ ਲਿਖਿਆ:ਲੁਧਿਆਣੇ ਦੀ ਸਮੂਹ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੁਧਿਆਣਾ ਲਈ ਕਾਂਗਰਸ ਦੀ ਟਿਕਟ 'ਤੇ ਯੋਗ ਉਮੀਦਵਾਰ ਦਿਓ। ਇਹ ਹੁਣ ਮਹੱਤਵਪੂਰਨ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆਏ ਹਨ। ਉਸ ਦੀ ਉਮੀਦਵਾਰੀ ਦਾ ਮੁਕਾਬਲਾ ਕਰਨ ਲਈ ਅਸੀਂ ਕਿਸੇ ਜੱਟ ਸਿੱਖ ਉਮੀਦਵਾਰ ਜਾਂ ਰਾਜ ਪੱਧਰੀ ਹਿੰਦੂ ਨੇਤਾ ਨੂੰ ਦੇਵਾਂਗੇ। ਟਿਕਟ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਸ੍ਰੀ ਭਾਰਤ ਭੂਸ਼ਣ ਆਸ਼ੂ ਵਿਰੋਧੀ ਧਿਰ ਦੀ ਟਿਕਟ ’ਤੇ ਖੜ੍ਹੇ ਰਵਨੀਤ ਸਿੰਘ ਬਿੱਟੂ ਨੂੰ ਚੰਗੀ ਟੱਕਰ ਨਹੀਂ ਦੇ ਸਕਣਗੇ। ਉਸ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਚੱਲ ਰਹੀ ਵਿਜੀਲੈਂਸ ਅਤੇ ਈਡੀ ਦੀ ਜਾਂਚ ਦਾ ਵੋਟਰਾਂ 'ਤੇ ਭਾਰੀ ਪ੍ਰਭਾਵ ਪਵੇਗਾ। ਸਾਡੇ ਲਈ ਦਾਗੀ ਨੇਤਾ ਲਈ ਪ੍ਰਚਾਰ ਕਰਨਾ ਵੀ ਮੁਸ਼ਕਲ ਹੋਵੇਗਾ। ਪਾਰਟੀ ਦੇ ਅਕਸ ਦੀ ਰਾਖੀ ਲਈ ਸਾਡੀ ਨਿਮਰਤਾ ਸਹਿਤ ਬੇਨਤੀ ਉੱਤੇ ਵਿਚਾਰ ਕਰੋ।
ਲੋਕ ਸਭਾ ਲਈ ਕਾਂਗਰਸ ਦਾ ਉਮੀਦਵਾਰ ਕੌਣ: ਕਾਬਿਲੇਗੌਰ ਹੈ ਕਿ ਸੰਜੇ ਤਲਵਾਰ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਉੱਥੇ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਲੁਧਿਆਣਾ ਤੋਂ ਕਾਂਗਰਸ ਦਾ ਮਜਬੂਤ ਲੋਕ ਸਭਾ ਚੋਣਾਂ ਲਈ ਉਮੀਦਵਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਿਸੇ ਦੇ ਨਾਂ 'ਤੇ ਹਾਲੇ ਮੋਹਰ ਨਹੀਂ ਲੱਗੀ ਪਰ ਰਵਨੀਤ ਬਿੱਟੂ ਦੇ ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣ ਅਤੇ ਭਾਜਪਾ ਤੋਂ ਲੁਧਿਆਣਾ ਤੋਂ ਚੋਣ ਲੜਨ ਦਾ ਫੈਸਲਾ ਕਰਨ ਦੇ ਮਾਮਲੇ ਤੋਂ ਬਾਅਦ ਕਾਂਗਰਸ ਦਾ ਲੁਧਿਆਣੇ ਤੋਂ ਮਜਬੂਤ ਉਮੀਦਵਾਰ ਕੌਣ ਹੋਵੇਗਾ ਇਸ ਦੀ ਚਰਚਾਵਾਂ ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀ ਹੈ। ਅਜਿਹੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਅਜਿਹੀ ਇੱਕ ਲੈਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਨੂੰ ਲੈ ਕੇ ਸੰਜੇ ਤਲਵਾਰ ਨੇ ਜਰੂਰ ਸਫਾਈ ਦਿੱਤੀ ਹੈ ਪਰ ਸਿਆਸਤ ਦੇ ਵਿੱਚ ਇਸ ਦੇ ਚਰਚੇ ਜੋਰਾਂ ਸ਼ੋਰਾਂ ਨਾਲ ਹੋ ਰਹੇ ਹਨ।