ਪੰਜਾਬ

punjab

ETV Bharat / state

ਜਾਣੋ ਇੱਕ ਛੋਟੇ ਕਿਸਾਨ ਦੀ ਧੀ ਦੀ ਕਾਮਯਾਬੀ ਦਾ ਸ਼ਫਰ, ਵਿਦੇਸ਼ ਦੀ ਧਰਤੀ 'ਤੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਪੰਜਾਬ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਧੀ ਤਲਵਿੰਦਰ ਕੌਰ (ਟੈਲੀ) ਨੇ ਆਸਟ੍ਰੇਲੀਆ ਵਿਖੇ ਹੋਈਆਂ ਕੌਂਸਲ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ।

TALWINDER WINS COUNCIL ELECTIONS
ਵਿਦੇਸ਼ ਦੀ ਧਰਤੀ 'ਤੇ ਪੰਜਾਬ ਦਾ ਨਾਂ ਕੀਤਾ ਰੌਸ਼ਨ (ETV Bharat (ਪੱਤਰਕਾਰ, ਮੋਗਾ))

By ETV Bharat Punjabi Team

Published : Nov 21, 2024, 10:27 PM IST

ਮੋਗਾ: ਅਜੋਕੇ ਦੌਰ ’ਚ ਪੰਜਾਬੀ ਲੋਕ ਰੁਜ਼ਗਾਰ ਦੇ ਸਿਲਸਿਲੇ ’ਚ ਜਾਂ ਫੇਰ ਕਿਸੇ ਹੋਰ ਕਾਰਨ ਕਰਕੇ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ਵਸੇ ਹੋਏ ਹਨ। ਦੁਨੀਆ ਦੇ ਜਿਸ ਦੇਸ਼ ਵਿੱਚ ਵੀ ਪੰਜਾਬੀ ਵੱਸਦੇ ਹਨ, ਉਸ ਦੇਸ਼ ਵਿੱਚ ਹੀ ਪੰਜਾਬੀ ਅਤੇ ਪੰਜਾਬੀਅਤ ਲੋਕਾਂ ਦੇ ਹਰਮਨ ਪਿਆਰੇ ਹੋ ਜਾਂਦੇ ਹਨ। ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਵਿਦੇਸ਼ਾਂ ਵੱਲ ਨੂੰ ਵਧ ਰਿਹਾ ਹੈ, ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਨੌਜਵਾਨ ਪੀੜ੍ਹੀ ਦੇ ਵੱਲੋਂ ਵੱਖ-ਵੱਖ ਹੱਥਕੰਡੇ ਅਪਨਾਏ ਜਾਂਦੇ ਹਨ, ਤਾਂ ਜੋ ਉਹ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਭਵਿੱਖ ਸੁਧਾਰ ਸਕੇ। ਜਿਸ ਤਰ੍ਹਾਂ ਨੌਜਵਾਨ ਲਗਾਤਾਰ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ, ਇਹ ਇਕ ਬੇਹੱਦ ਹੀ ਚਿੰਤਾ ਦਾ ਵਿਸ਼ਾ ਹੈ। ਪਰ ਜਦੋਂ ਵੀ ਵਿਦੇਸ਼ੀ ਧਰਤੀ ਤੇ ਕੋਈ ਪੰਜਾਬੀ ਜਾਂਦਾ ਹੈ ਤਾਂ ਆਪਣੀ ਛਾਪ ਜ਼ਰੂਰ ਛੱਡ ਕੇ ਆਉਂਦਾ ਹੈ। ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਵਿਦੇਸ਼ੀ ਧਰਤੀ ਤੇ ਗਏ ਭਾਰਤ ਦੇ ਸੂਬਾ ਪੰਜਾਬ ਨਾਲ ਸਬੰਧਿਤ ਲੋਕਾਂ ਨੇ ਵਿਦੇਸ਼ਾਂ ਦੇ ਵਿਚ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਵਿਦੇਸ਼ ਦੀ ਧਰਤੀ 'ਤੇ ਪੰਜਾਬ ਦਾ ਨਾਂ ਕੀਤਾ ਰੌਸ਼ਨ (ETV Bharat (ਪੱਤਰਕਾਰ, ਮੋਗਾ))

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ

ਹੁਣ ਇਕ ਅਜਿਹੇ ਹੀ ਮਾਮਲੇ ਬਾਰੇ ਤੁਹਾਨੂੰ ਦੱਸਾਂਗੇ, ਜਿੱਥੇ ਪੰਜਾਬ ਦੀ ਧੀ ਨੇ ਇਕ ਅਜਿਹਾ ਕਾਰਨਾਮਾ ਕੀਤਾ ਕਿ ਇਕ ਵਾਰ ਫਿਰ ਤੋਂ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਹੋ ਰਹੀ ਹੈ। ਦਰਅਸਲ ਮੈਲਬੌਰਨ ਆਸਟ੍ਰੇਲੀਆਈ ਰਾਜ ਵਿਕਟੋਰੀਆ ਦੇ ਖੇਤਰ ਐਰਾਰਟ ਵਿਖੇ ਹੋਈਆਂ ਕੌਂਸਲ ਚੋਣਾਂ ਵਿੱਚ ਪੰਜਾਬ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਧੀ ਤਲਵਿੰਦਰ ਕੌਰ (ਟੈਲੀ ਕੌਰ) ਨੇ ਜਿੱਤ ਦਰਜ ਕੀਤੀ ਹੈ। ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਚੌਣ ਮੁਹਿੰਮ ਵਿੱਚ ਉਨ੍ਹਾਂ ਦੇ ਪਤੀ ਕਰਮਵੀਰ ਸਿੰਘ ਤੇ ਭਰਾ ਅਮਰਿੰਦਰ ਸਿੰਘ ਨੇ ਭਰਪੂਰ ਹਿੱਸਾ ਪਾਇਆ ਹੈ।

ਨਸਲੀ ਵਿਤਕਰੇ ਦਾ ਸਾਹਮਣਾ

ਦੱਸ ਗਿਆ ਹੈ ਕਿ (ਟੈਲੀ) ਤਲਵਿੰਦਰ ਦਾ ਛੋਟਾ ਨਾਂ ਹੈ ਅਤੇ ਉਹ ਇਸ ਸਮੇਂ ਐਰਾਰਟ ਵਿਖੇ ਆਪਣੇ ਪਤੀ ਤੇ 2 ਬੱਚਿਆਂ ਨਾਲ ਰਹਿ ਰਹੀ ਹੈ। ਤਲਵਿੰਦਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਅਤੇ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਗੱਲਬਾਤ ਕਰਦਿਆਂ ਤਲਵਿੰਦਰ ਕੌਰ ਦੀ ਚਾਚੀ ਨੇ ਦੱਸਿਆਂ ਹੈ ਕਿ ਕਿਹਾ ਕਿ ਇਸ ਚੌਣ ਮੁਹਿੰਮ ਵਿੱਚ ਉਨ੍ਹਾਂ ਦੇ ਪਤੀ ਕਰਮਵੀਰ ਸਿੰਘ ਤੇ ਭਰਾ ਅਮਰਿੰਦਰ ਸਿੰਘ ਨੇ ਭਰਪੂਰ ਹਿੱਸਾ ਪਾਇਆ। ਸਭ ਤੋ ਵੱਡੀ ਗੱਲ ਇਹ ਸੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸਲੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਜਿੱਤਣ ਮਗਰੋਂ ਉਸ ਦੀ ਜਿੰਮੇਵਾਰੀ ਪਹਿਲਾਂ ਨਾਲੋਂ ਹੋਰ ਵੱਧ ਗਈ ਹੈ ਅਤੇ ਹੁਣ ਉਹ ਹੋਰ ਵਧੇਰੇ ਊਰਜਾ ਨਾਲ ਕੰਮ ਕਰੇਗੀ ਤਾਂ ਜੋ ਐਰਾਰਟ ਦੇ ਲੋਕਾਂ ਦਾ ਉਸ ਵਿੱਚ ਪ੍ਰਗਟਾਇਆ ਵਿਸ਼ਵਾਸ਼ ਹਮੇਸ਼ਾ ਕਾਇਮ ਰਹੇ।

12 ਸਾਲ ਸ਼ੈੱਫ ਦੇ ਤੌਰ 'ਤੇ ਕੰਮ ਕੀਤਾ

ਟੈਲੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ ਅਤੇ ਸਧਾਰਣ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦਾ ਸਹੁਰਾ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਵਿੱਚ ਹੈ। ਟੈਲੀ 2008 ਵਿੱਚ ਚੰਗੇ ਭਵਿੱਖ ਦੀ ਭਾਲ ਵਿੱਚ ਆਪਣੇ ਪਤੀ ਕਰਮਵੀਰ ਸਿੰਘ ਨਾਲ ਆਸਟ੍ਰੇਲੀਆ ਆਈ ਸੀ ਤੇ ਮੈਲਬੋਰਨ ਲਾਗਲੇ ਇਲਾਕੇ ਬੈਲਾਰਟ ਦੀ ਫੈੱਡਰੇਸ਼ਨ ਯੂਨੀਵਰਸਿਟੀ ਵਿਖੇ ਪੜ੍ਹਾਈ ਕੀਤੀ। ਪੜ੍ਹਾਈ ਪੂਰੀ ਹੋਣ 'ਤੇ ਕੰਮਕਾਜ ਦੀਆਂ ਦਿੱਕਤਾਂ ਅਤੇ ਪੱਕੇ ਹੋਣ ਦੀਆਂ ਕੌਸ਼ਿਸ਼ਾਂ ਵਿੱਚ ਉਨ੍ਹਾਂ ਨੂੰ ਐਰਾਰਟ ਆਉਣਾ ਪਿਆ ਤੇ ਉਹ ਇੱਥੇ ਦੀ ਹੀ ਹੋ ਕੇ ਰਹਿ ਗਈ। ਇੱਥੇ ਹੀ ਆਰਐੱਸਐੱਲ ਦੇ ਸਹਿਯੋਗ ਨਾਲ ਸ਼ੈੱਫ ਦੀ ਨੌਕਰੀ ਮਿਲੀ ਤੇ ਕਰੀਬ 12 ਸਾਲ ਸ਼ੈੱਫ ਦੇ ਤੌਰ 'ਤੇ ਕੰਮ ਕੀਤਾ। ਢਾਈ ਕੁ ਸਾਲ ਪਹਿਲਾਂ ਟੈਲੀ ਨੇ "ਐਰਾਰਟ ਨੇਬਰਹੁੱਡ ਹਾਊਸ" ਵਿੱਖੇ ਬਤੌਰ ਮੈਨੇਜਰ ਦੀ ਨੌਕਰੀ ਹਾਸਲ ਕੀਤੀ ਤੇ ਇਸ ਨੌਕਰੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ।


ਸਮਾਜ ਸੇਵੀ ਕੰਮਾਂ ਦਾ ਸ਼ੌਕ

ਇਸ ਦੌਰਾਨ ਜਿੱਥੇ ਆਮ ਲੋਕਾਂ ਨਾਲ ਟੈਲੀ ਦਾ ਸਿੱਧਾ ਰਾਬਤਾ ਹੋਇਆ, ਉੱਥੇ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਾਉਣ ਲਈ ਵੀ ਹਰ ਸੰਭਵ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਤਲਵਿੰਦਰ ਕੌਰ ਦੇ ਭਰਾ ਨੇ ਦੱਸਿਆ ਕਿ ਤਲਵਿੰਦਰ ਕੌਰ ਨੂੰ ਸਮਾਜ ਸੇਵੀ ਕੰਮਾਂ ਦਾ ਪਹਿਲਾਂ ਤੋਂ ਹੀ ਸ਼ੌਕ ਸੀ। ਜਿਸ ਸੰਸਥਾ ਨਾਲ ਉਹ ਕੰਮ ਕਰਦੀ ਹੈ ਉਹ ਸਮਾਜ ਵਿਚਲੇ ਬੇਘਰ, ਬੇਰੁਜ਼ਗਾਰ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ, ਜਿਸ ਵਿੱਚ ਮੁਫਤ ਕਾਨੂੰਨੀ ਸਹਾਇਤਾ ਤਾਂ ਸ਼ਾਮਲ ਹੈ, ਨਾਲ ਹੀ ਰੋਜ਼ਮਰਾ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕੱਪੜੇ, ਬੂਟ, ਖਾਣ-ਪੀਣ ਆਦਿ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

ਵਧੀਆ ਸੇਵਾਵਾਂ ਬਦਲੇ ਐਵਾਰਡ ਵੀ ਮਿਲਿਆ

ਇਸ ਦੌਰਾਨ ਤਲਵਿੰਦਰ ਕੌਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਆਮ ਲੋਕਾਂ ਨਾਲ ਰਾਬਤਾ ਹੋਣਾ ਸ਼ੁਰੂ ਹੋਇਆ। ਅਰਾਰਟ ਕੌਂਸਲ ਦੀ ਡੈਲੀਗੇਸ਼ਨ ਨੇ ਤਲਵਿੰਦਰ ਨੂੰ ਕੌਂਸਲ ਚੋਣਾਂ ਲੜਨ ਲਈ ਪ੍ਰੇਰਿਆ, ਕਿਉਂਕਿ ਉਹ ਆਪਣੀ ਨੌਕਰੀ ਰਾਹੀਂ ਇੱਕ ਕੌਂਸਲਰ ਤੋਂ ਵੱਧ ਕੰਮ ਕਰ ਰਹੀ ਸੀ ਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਉਨ੍ਹਾਂ ਦੀ ਸੰਸਥਾ ਨੂੰ 44 ਸਾਲ ਬਾਅਦ ਵਧੀਆ ਸੇਵਾਵਾਂ ਬਦਲੇ ਐਵਾਰਡ ਵੀ ਮਿਲਿਆ। ਪਰਿਵਾਰ ਦੀ ਰਜ਼ਾਮੰਦੀ ਤੋਂ ਬਾਅਦ ਕੌਂਸਲ ਚੋਣਾਂ ਵਿੱਚ ਉਤਰਣ ਦਾ ਮਨ ਬਣਾਇਆ। ਕੋਈ ਰਾਜਨੀਤਿਕ ਪਿਛੋਕੜ ਨਾਂ ਹੋਣ ਤੇ ਇੱਥੋਂ ਦੀ ਰਾਜਨੀਤੀ ਬਾਰੇ ਜ਼ਿਆਦਾ ਪਤਾ ਨਾ ਹੋਣ ਕਾਰਨ ਪਹਿਲਾਂ ਥੋੜ੍ਹਾਂ ਮੁਸ਼ਕਲਾਂ ਵੀ ਆਈਆਂ ਪਰ ਕਰੀਬ ਕਰੀਬ ਡੇਢ ਕੁ ਮਹੀਨੇ ਦੀ ਸਖ਼ਤ ਮਿਹਨਤ ਅਤੇ ਅਰਾਰਟ ਵਾਸੀਆਂ ਵਲੋਂ ਦਿੱਤੇ ਗਏ ਪਿਆਰ ਸਦਕਾ ਉਨ੍ਹਾਂ ਨੇ ਇਹ ਚੌਣ ਜਿੱਤ ਲਈ ਹੈ।

ABOUT THE AUTHOR

...view details