ਅੰਮ੍ਰਿਤਸਰ :ਲੋਕ ਸਭਾ ਚੋਣਾਂ ਦਾ ਸਮਾਂ ਆਉਂਦੇ ਹੀ ਸਿਆਸੀ ਪਾਰਟੀਆਂ ਵਿਚ ਹਰ ਸਾਲ ਦੀ ਤਰ੍ਹਾਂ ਦਲ ਬਦਲੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਹਨਾਂ ਵੀ ਤਾਜ਼ਾ ਨਾਮ ਜੁੜਿਆ ਹੈ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ 'ਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੱਜੀ ਬਾਂਹ ਬਣ ਕੇ ਪਿਛਲੇ 20 ਸਾਲ ਤੋਂ ਜੁੜੇ ਰਹੇ ਤਲਬੀਰ ਸਿੰਘ ਗਿੱਲ ਦਾ। ਜਿੰਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਅੱਜ ਬਾਅਦ ਪੱਤਰਕਾਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਹੀ ਦੁਖੀ ਹੋ ਕੇ ਪਾਰਟੀ ਛੱਡੀ ਹੈ। ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਤੋਂ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਪੱਤਰਕਾਰਾਂ ਨਾਲ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਅਕਾਲੀ ਦਲ 'ਚ ਵੱਧ-ਚੜ੍ਹ ਕੇ ਸੇਵਾਵਾਂ ਦਿੱਤੀਆਂ ਹਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ 'ਚ ਵੀ ਸੇਵਾਵਾਂ ਨਿਭਾਉਣਗੇ।
'ਬਿਕਰਮ ਮਜੀਠੀਆ ਤੋਂ ਦੁਖੀ ਹੋ ਕੇ ਲਿਆ ਫੈਸਲਾ' :ਪਾਰਟੀ ਛੱਡਣ ਦਾ ਕਾਰਨ ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਜਿਨਾਂ ਦੇ ਨਾਲ ਉਨ੍ਹਾਂ ਨੇ ਸੱਜੀ ਬਾਂਹ ਬਣ ਕੇ ਲੰਮਾ ਸਮਾਂ ਕੰਮ ਕੀਤਾ ਅੱਜ ਉਹੀ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਡਿਊਟੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਨਾਲ ਲਗਾਈ ਸੀ। ਉਨ੍ਹਾਂ ਅਕਾਲੀ ਦਲ ਦੇ ਸਿਪਾਹੀ ਬਣ ਕੇ ਅਨਿਲ ਜੋਸ਼ੀ ਦੀ ਹੱਕ ਵਿੱਚ ਭਾਵੇਂ ਮੀਟਿੰਗਾਂ ਕਰਾਈਆਂ, ਪਰ ਉਨ੍ਹਾਂ ਦਾ ਨਾ ਤਾਂ ਅਨਿਲ ਜੋਸ਼ੀ ਨੇ ਸਾਥ ਦਿੱਤਾ ਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਨੇ ਸਾਥ ਦਿੱਤਾ। ਜਿੱਥੇ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦਾ ਫੋਨ ਨਹੀਂ ਚੁੱਕਦੇ, ਉਥੇ ਹੀ ਅਨਿਲ ਜੋਸ਼ੀ ਵੀ ਉਨ੍ਹਾਂ ਦਾ ਫੋਨ ਚੁੱਕਣਾ ਮੁਨਾਸਬ ਨਹੀਂ ਸੀ ਸਮਝਦੇ ਜਿਸ ਕਰਕੇ ਜਿੱਥੇ ਹਲਕਾ ਦੱਖਣੀ ਵਿੱਚ ਇੰਚਾਰਜ ਵੱਜੋਂ ਉਹ ਕੰਮ ਕਰ ਰਹੇ ਸਨ, ਉਥੇ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਉਤਰਨਾ ਪੈ ਰਿਹਾ ਹੈ।